ਸੰਜੀਵ ਬੱਬੀ
ਚਮਕੌਰ ਸਾਹਿਬ, 12 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੋਏ ਚੋਣ ਸਮਝੌਤੇ ਦੌਰਾਨ ਚਮਕੌਰ ਸਾਹਿਬ ਸੀਟ ਬਸਪਾ ਦੇ ਹਿੱਸੇ ਵਿੱਚ ਜਾਣ ਨਾਲ ਹਲਕੇ ਦੇ ਪਿੱਛਲੇ ਕੁਝ ਸਮੇਂ ਤੋਂ ਬਣ ਰਹੇ ਚੋਣ ਸਮੀਕਰਨ ਇੱਕ ਝਟਕੇ ਨਾਲ ਬਦਲ ਗਏ। ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਚਮਕੌਰ ਸਾਹਿਬ ਹਲਕਾ, ਜਿੱਥੋਂ ਮਰਹੂਮ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਪੰਜ ਵਾਰ ਵਿਧਾਇਕ ਚੁਣੇ ਗਏ ਸਨ। ਇਸ ਵਾਰ ਬੀਬੀ ਸੰਧੂ ਦੇ ਪੁੱਤਰ ਹਰਮੋਹਣ ਸਿੰਘ ਸੰਧੂ, ਸਖਤ ਮਿਹਨਤ ਕਰ ਰਹੇ ਸਨ ਪਰ ਜਦੋਂ ਹੁਣ ਇਹ ਸੀਟ ਬਸਪਾ ਦੇ ਹਿੱਸੇ ਚਲੀ ਗਈ ਹੈ ਤਾਂ ਕਿਤੇ ਨਾ ਕਿਤੇ ਕਾਂਗਰਸੀ ਅਤੇ ‘ਆਪ’ ਦੇ ਆਗੂ ਖੁਸ਼ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਖੁਸ਼ਫਹਿਮੀ ਹੋਵੇਗੀ ਕਿ ਅਕਾਲੀ ਦਲ ਦੀ ਪੱਕੀ ਵੋਟ ਸ਼ਾਇਦ ਬਸਪਾ ਦੇ ਉਮੀਦਵਾਰ ਨੂੰ ਸੌ ਫੀਸਦੀ ਨਾ ਮਿਲੇ। ਗੱਲ ਹਲਕਾ ਚਮਕੌਰ ਸਾਹਿਬ ਦੀ ਕੀਤੀ ਜਾਵੇ ਤਾਂ ਲਗਾਤਾਰ ਤਿੰਨ ਵਾਰ ਦੇ ਜੇਤੂ ਚਰਨਜੀਤ ਸਿੰਘ ਚੰਨੀ ਦੀ ਜਿੱਤ ਦਾ ਫਰਕ ਹੁਣ ਤੱਕ 10 ਹਜ਼ਾਰ ਤੋਂ ਹੇਠਾਂ ਹੀ ਰਿਹਾ ਹੈ ਅਤੇ ਬਸਪਾ ਉਮੀਦਵਾਰ ਲਗਭਗ ਉਨੀਆਂ ਕੁ ਵੋਟਾਂ ਆਪਣੇ ਦਮ ’ਤੇ ਲੈਂਦੇ ਰਹੇ ਹਨ। ਇਹ ਚੋਣ ਸਮਝੌਤਾ ਜੇਤੂ ਚਰਨਜੀਤ ਸਿੰਘ ਚੰਨੀ ਲਈ ਕਠਿਨ ਚੁਣੌਤੀ ਪੇਸ਼ ਕਰ ਸਕਦਾ ਹੈ।
ਸਿਆਸੀ ਸਮਝੌਤੇ ਨਾਲ ਸਮਾਜਿਕ ਏਕਤਾ ਹੋਵੇਗੀ ਮਜ਼ਬੂਤ: ਬਡੂੰਗਰ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੌਰਾਨ ਹੋਏ ਗਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਵਲੋਂ ਇਹ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਇਸ ਸਮਝੌਤੇ ਨਾਲ ਰਾਜਨੀਤਿਕ ਸਥਿਰਤਾ ਆਵੇਗੀ। ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਇਆਵਤੀ ਨੂੰ ਪੰਜਾਬ ਵਿੱਚ ਹੋਏ ਗਠਜੋੜ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸਿਆਸੀ ਸਮਝੌਤੇ ਨਾਲ ਸਮਾਜਿਕ ਏਕਤਾ ਵੀ ਮਜ਼ਬੂਤ ਹੋਵੇਗੀ।