ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਸਤੰਬਰ
ਦਿ ਆਲ ਇੰਡੀਆ ਕੌਂਸਲ ਫਾਰ ਟੈਕਨੀਨਲ ਐਜੂਕੇਸ਼ਨ (ਏਆਈਸੀਟੀਈ) ਵੱਲੋਂ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਵਿਜ਼ਨਲ ਦਾਖਲੇ ਦੇਣ, ਜਿਨ੍ਹਾਂ ਦਾ ਨਤੀਜਾ ਹਾਲੇ ਐਲਾਨਿਆ ਨਹੀਂ ਗਿਆ ਹੈ। ਇਨ੍ਹਾਂ ਵਿੱਚ ਸੀਬੀਐੱਸਈ ਦੀ ਸਬੰਧਤ ਜਮਾਤ ਦੇ ਕੰਪਾਰਟਮੈਂਟ, ਪ੍ਰਾਈਵੇਟ ਤੇ ਪੱਤਰ ਵਿਹਾਰ ਵਾਲੇ ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਨਤੀਜਾ ਐਲਾਨਣ ਦੇ ਇਕ ਹਫ਼ਤੇ ਅੰਦਰ ਆਪਣੀ ਮਾਰਕਸ਼ੀਟ ਸਬੰਧਤ ਕਾਲਜ ਵਿੱਚ ਜਮ੍ਹਾਂ ਕਰਵਾਉਣੀ ਪਵੇਗੀ ਤੇ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਦਾਖਲਾ ਰੱਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਬੀਐੱਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ 30 ਸਤੰਬਰ ਨੂੰ ਐਲਾਨਿਆ ਜਾਵੇਗਾ।
ਆਈਈਸੀਟੀਈ ਨੇ ਅੱਜ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਉੱਚ ਸਿੱਖਿਆ ਦੇ ਵੱਖ-ਵੱਖ ਕੋਰਸਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾਣ। ਇਸ ਸਬੰਧੀ ਵਿਦਿਆਰਥੀ ਦਾਖਲੇ ਲੈਣ ਵਾਲੀ ਸੰਸਥਾ ਨੂੰ ਹਲਫਨਾਮਾ ਭਰ ਕੇ ਦੇਣਗੇ ਕਿ ਉਹ ਮਿੱਥੇ ਸਮੇਂ ਵਿਚ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਪਾਬੰਦ ਹਨ। ਇਹ ਹੁਕਮ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਏ ਹਨ ਕਿ ਨਤੀਜਾ ਨਾ ਐਲਾਨਣ ਵਾਲੇ ਵਿਦਿਆਰਥੀਆਂ ਨੂੰ ਆਰਜ਼ੀ ਦਾਖਲੇ ਦਿੱਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਬੀਐੱਸਈ ਵੱਲੋਂ 12ਵੀਂ ਕੰਪਾਰਟਮੈਂਟ ਤੇ ਪ੍ਰਾਈਵੇਟ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਗਸਤ ਵਿੱਚ ਸ਼ੁਰੂ ਕਰਵਾਈਆਂ ਗਈਆਂ ਸਨ ਤੇ ਇਹ ਪ੍ਰੀਖਿਆਵਾਂ 15 ਸਤੰਬਰ ਨੂੰ ਸਮਾਪਤ ਹੋਣੀਆਂ ਹਨ।
ਸੀਬੀਐੱਸਈ ਤੇ ਆਈਆਈਟੀ ਗਾਂਧੀ ਨਗਰ ਮਿਲ ਕੇ ਪੜ੍ਹਾਉਣਗੇ
ਸੀਬੀਐੱਸਈ ਨੇ ਆਈਆਈਟੀ ਗਾਂਧੀ ਨਗਰ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਏਕਲੱਵਿਆ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਵਿਚ ਪਹਿਲਾ ਅਧਿਆਏ ਗੋਲਡਨ ਬੁਆਏ ਨੀਰਜ ਚੋਪੜਾ ਬਾਰੇ ਹੋਵੇਗਾ, ਜੋ ਬੋਰਡ ਦੇ ਸਬੰਧਤ ਸਕੂਲਾਂ ਵਿੱਚ 26 ਸਤੰਬਰ ਨੂੰ ਪੜ੍ਹਾਇਆ ਜਾਵੇਗਾ। ਇਸ ਲੜੀ ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸਰਲ ਤੇ ਰਚਨਾਤਮਕ ਤਰੀਕੇ ਨਾਲ ਪੜ੍ਹਾਇਆ ਜਾਵੇਗਾ। ਮੁਹਾਲੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਆਨਲਾਈਨ ਇੰਟਰੈਕਟਿਵ ਸੈਸ਼ਨ ਹੋਵੇਗਾ ਜਿਸ ਵਿਚ ਵਿਦਿਆਰਥੀਆਂ ਨੂੰ ਟੀਚੇ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਇਹ ਟੀਚੇ ਆਪਣੇ ਤਰੀਕੇ ਹੱਲ ਕਰਨ ਦੇ ਗੁਰ ਦੱਸੇ ਜਾਣਗੇ। ਹਰ ਐਤਵਾਰ ਸ਼ਾਮ ਚਾਰ ਤੋਂ ਪੰਜ ਇਸ ਦਾ ਲਾਈਵ ਸੈਸ਼ਨ ਹੋਵੇਗਾ। ਇਸ ਸਬੰਧੀ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।