ਪੱਤਰ ਪ੍ਰੇਰਕ
ਸ਼ਾਹਕੋਟ, 30 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ 16ਵਾਂ ਜਥਾ ਦਿੱਲੀ ਲਈ ਰਵਾਨਾ ਹੋ ਗਿਆ। ਇਸ ਜਥੇ ਵਿਚ ਵੱਡੀ ਗਿਣਤੀ ’ਚ ਔਰਤਾਂ ਸ਼ਾਮਿਲ ਸਨ। ਕਿਸਾਨਾਂ ਦੇ ਜਥੇ ਨੂੰ ਰਵਾਨਾ ਕਰਨ ਮੌਕੇ ਕਿਸਾਨ ਆਗੂ ਨਿਰਮਲ ਸਿੰਘ ਜਹਾਂਗੀਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਜ਼ਮੀਨਾਂ, ਸੱਭਿਆਚਾਰ ਅਤੇ ਜੀਵਨ ਜਾਂਚ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਨੂੰ ਸਮੂਹ ਵਰਗਾਂ ਦੇ ਏਕੇ ਨਾਲ ਹੀ ਜੇਤੂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਿਕ ਕਿਸਾਨ ਉਦੋਂ ਤੱਕ ਧਰਨੇ ਉਤੇ ਡਟੇ ਰਹਿਣ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੜੀਅਲ ਰਵੱਈਆ ਅਖਤਿਆਰ ਕਰ ਚੁੱਕੀ ਹੈ, ਇਸ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਦਿੱਲੀ ਜਾਣ ਵਾਲੇ ਜਥੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਬਲਵੰਤ ਮਲਸੀਆਂ ਨੇ ਕਿਹਾ ਕਿ ਜਥਾ ਖਨੌਰੀ ਰਸਤੇ ਰਾਹੀਂ ਟਿੱਕਰੀ ਬਾਰਡਰ ’ਤੇ ਪੁੱਜੇਗਾ।
ਨਵਾਂਸ਼ਹਿਰ (ਲਾਜਵੰਤ ਸਿੰਘ): ਪਿੰਡ ਸਹਬਿਾਜਪੁਰ ਤੋਂ ਕਿਸਾਨਾਂ ਦਾ ਜਥਾ ਅਵਤਾਰ ਸਿੰਘ ਤਾਰਾ, ਅਮਰੀਕ ਸਿੰਘ ਪੱਪੂ, ਸੁੱਚਾ ਸਿੰਘ ਅਕਾਲੀ ਰਾਏ, ਸੋਢੀ ਸਿੰਘ ਅਤੇ ਜਸਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਰਸਦ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨਾਂ ਨੂੰ ਵੱਡੀ ਪੱਧਰ ਉੱਤੇ ਦਿੱਲੀ ਵੱਲ ਵਹੀਰਾਂ ਘੱਤਣ ਦੀ ਲੋੜ ਹੈ।