ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਜੂਨ
ਮਹਿਲਾ ਕਿਸਾਨ ਯੂਨੀਅਨ ਨੇ ਭਾਰਤੀ ਫੌਜ ਦੀਆਂ ਤਿੰਨੇ ਸ਼ਾਖਾਵਾਂ ਲਈ ਲਾਗੂ ਕੀਤੀ ਗਈ ‘ਅਗਨੀਪਥ’ ਯੋਜਨਾ ਨੂੰ ਮੋਦੀ ਸਰਕਾਰ ਦਾ ਨਵਾਂ ਜੁਮਲਾ ਦੱਸਿਆ ਹੈ। ਜਥੇਬੰਦੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੋਦੀ ਸਰਕਾਰ 8 ਸਾਲ ਪੂਰੇ ਹੋਣ ’ਤੇ ਇੱਕ ਨਵੇਂ ਜੁਮਲੇ ਨਾਲ ਸਾਹਮਣੇ ਆਈ ਹੈ। ਉਨ੍ਹਾਂ ਆਖਿਆ ਕਿ ਅਗਨੀਪਥ ਯੋਜਨਾ ਤਹਿਤ ਵੱਖ-ਵੱਖ ਜਾਤਾਂ, ਸ਼੍ਰੇਣੀਆਂ, ਵਰਗਾਂ ਤੇ ਕਬੀਲਿਆਂ ਲਈ ਪਹਿਲਾਂ ਤੋਂ ਸਥਾਪਿਤ ਰਾਖਵਾਂਕਰਨ ਨੀਤੀ ਲਾਗੂ ਨਹੀਂ ਹੋ ਸਕੇਗੀ ਜਦਕਿ ਕਾਨੂੰਨ ਅਨੁਸਾਰ ਵਿਸ਼ੇਸ਼ ਜਾਤਾਂ ਤੇ ਕਬੀਲਿਆਂ ਨੂੰ ਰਾਖਵੇਂ ਕਰਨ ਤਹਿਤ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਅਗਨੀਪਥ ਨਾਂ ਦੀ ਇਸ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕਰੋਨਾ ਕਾਲ ਦੌਰਾਨ ਫੌਜ ਦੀ ਭਰਤੀ ਉਡੀਕ ਰਹੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਵੇ।