ਰੁਚਿਕਾ ਐੱਮ. ਖੰਨਾ
ਚੰਡੀਗੜ੍ਹ, 8 ਅਪਰੈਲ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਾਨਦਾਰ ਸਫਲਤਾ ਤੋਂ ਖੁਸ਼ ਆਮ ਆਦਮੀ ਪਾਰਟੀ ਹੁਣ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਚਾਰ ਨਗਰ ਨਿਗਮ ਚੋਣਾਂ ’ਤੇ ਨਜ਼ਰ ਰੱਖ ਰਹੀ ਹੈ। ਰਾਜ ਦੀਆਂ ਸਭ ਤੋਂ ਵੱਡੀਆਂ ਚਾਰ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੀਆਂ ਚੋਣਾਂ ਦਸੰਬਰ ਵਿੱਚ ਹੋਣਗੀਆਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪਾਰਟੀ ਇੰਚਾਰਜ ਜਰਨੈਲ ਸਿੰਘ ਦਰਮਿਆਨ ਪਾਰਟੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਹੋਈ। ਦੋਵਾਂ ਨੇ ਵਾਰਡ ਪੱਧਰ ‘ਤੇ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੀ ਜਾਣ ਵਾਲੀ ਸ਼ਹਿਰੀ ਵਿਕਾਸ ਯੋਜਨਾ ਬਾਰੇ ਚਰਚਾ ਕੀਤੀ। ‘ਆਪ’ ਨੇ ਐੱਮਸੀ ਚੋਣਾਂ ਦੀ ਨਿਗਰਾਨੀ ਦਾ ਕੰਮ ਜਰਨੈਲ ਸਿੰਘ ਨੂੰ ਸੌਂਪਿਆ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ ਚੰਡੀਗੜ੍ਹ ਐੱਮਸੀ ਚੋਣਾਂ ਵਿੱਚ ਪਾਰਟੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਰਚੰਦ ਸਿੰਘ ਬਰਸਾਟ, ਜਿਨ੍ਹਾਂ ਨੂੰ ਐੱਮਸੀ ਚੋਣਾਂ ਲਈ ਰਣਨੀਤੀ ਦੀ ਨਿਗਰਾਨੀ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ, ਨੇ ਦੱਸਿਆ ਕਿ ਪਾਰਟੀ ਸ਼ਹਿਰੀ ਖੇਤਰਾਂ ਵਿੱਚ ਵਾਅਦਾ ਕੀਤੇ ਵਿਕਾਸ ਏਜੰਡੇ ਨੂੰ ਲਾਗੂ ਕਰਨ ਲਈ ਇੱਕ ਖਾਕਾ ਤਿਆਰ ਕਰਨ ਦੇ ਅੰਤਮ ਪੜਾਅ ਵਿੱਚ ਹੈ। ਜ਼ਿਕਰਯੋਗ ਹੈ ਕਿ ‘ਆਪ’ ਨੇ ਪਟਿਆਲਾ ਨਿਗਮ ਦੇ ਖੇਤਰ ਵਿੱਚ ਆਉਂਦੀਆਂ ਸਾਰੀਆਂ ਅੱਠ ਵਿਧਾਨ ਸਭਾ ਸੀਟਾਂ, ਲੁਧਿਆਣਾ ਨਿਗਮ ਦੇ ਖੇਤਰ ਵਿੱਚ ਆਉਂਦੀਆਂ 14 ਵਿੱਚੋਂ 13, ਅੰਮ੍ਰਿਤਸਰ ਨਿਗਮ ਦੀਆਂ 11 ਵਿੱਚੋਂ 9 ਅਤੇ ਜਲੰਧਰ ਨਗਰ ਨਿਗਮ ਦੀਆਂ ਨੌਂ ਵਿੱਚੋਂ ਚਾਰ ਸੀਟਾਂ ਜਿੱਤੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਜਿੱਥੇ ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਹੁਣ ‘ਆਪ’ ਵਿਧਾਇਕ ਹਨ, ਉਥੇ ਅੰਮ੍ਰਿਤਸਰ ਦੇ ਮੌਜੂਦਾ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।