ਆਤਿਸ਼ ਗੁਪਤਾ
ਚੰਡੀਗੜ੍ਹ, 27 ਜਨਵਰੀ
ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਹੀ ਧੁੰਦ ਪਈ ਤੇ ਸੀਤ ਹਵਾਵਾਂ ਚੱਲੀਆਂ। ਪਰ ਦੁਪਹਿਰ ਸਮੇਂ ਨਿਕਲੀ ਧੁੱਪ ਨੇ ਲੋਕਾਂ ਨੂੰ ਠੰਢ ਤੋਂ ਰਾਹਤ ਦਿਵਾਈ। ਅੱਜ ਪੰਜਾਬ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਇੱਥੇ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ ਵਿੱਚ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲਾ ਹਫ਼ਤਾ ਦੋਵਾਂ ਸੂਬਿਆਂ ਵਿੱਚ ਸੀਤ ਹਵਾਵਾਂ ਚੱਲਣਗੀਆਂ ਤੇ ਧੁੰਦ ਪਏਗੀ। ਮੌਸਮ ਵਿਭਾਗ ਅਨੁਸਾਰ ਅੱਜ ਫਿਰੋਜ਼ਪੁਰ ਦਾ ਘੱਟ ਤੋਂ ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ, ਫਰੀਦਕੋਟ ਦਾ 3.2 ਡਿਗਰੀ ਸੈਲਸੀਅਸ, ਮੁਕਤਸਰ ਦਾ 3.4 ਡਿਗਰੀ ਸੈਲਸੀਅਸ, ਮੋਗਾ, ਬਰਨਾਲਾ ਦਾ 4.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 4.2 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਦਾ 4.5 ਡਿਗਰੀ ਸੈਲਸੀਅਸ, ਲੁਧਿਆਣਾ ਦਾ 5.7 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਦਾ 5.9 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ 6 ਡਿਗਰੀ ਸੈਲਸੀਅਸ, ਜਲੰਧਰ ਦਾ 6.5 ਡਿਗਰੀ ਸੈਲਸੀਅਸ, ਪਠਾਨਕੋਟ ਦਾ 7.4 ਡਿਗਰੀ ਸੈਲਸੀਅਸ ਤੇ ਪਟਿਆਲਾ ਦਾ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ, ਮਹਿੰਦਰਗੜ੍ਹ, ਫਤਿਆਬਾਦ ਦਾ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ, ਗੁਰੂਗ੍ਰਾਮ, ਕੈਥਲ ਦਾ 5.5 ਡਿਗਰੀ ਸੈਲਸੀਅਸ, ਪੰਚਕੂਲਾ ਦਾ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।