ਚਰਨਜੀਤ ਭੁੱਲਰ
ਚੰਡੀਗੜ੍ਹ, 26 ਜੁਲਾਈ
ਕਿਸਾਨਾਂ ਦੀ ਘੁਰਕੀ ਮਗਰੋਂ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੰਘੇ ਦਿਨੀਂ ਹੋਏ ਹਮਲੇ ਸਬੰਧੀ ਯੂ-ਟਰਨ ਲੈ ਲਿਆ ਹੈ। ਕੈਬਨਿਟ ਮੰਤਰੀ, ਜਿਨ੍ਹਾਂ ਕਿਸਾਨਾਂ ਨੂੰ ਪਹਿਲਾਂ ਸ਼ੱਕੀ ਅਨਸਰ ਦੱਸ ਰਹੇ ਸਨ, ਅੱਜ ਉਨ੍ਹਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਾਉਣ ਲਈ ਪੁਲੀਸ ਨੂੰ ਪੱਤਰ ਲਿਖਿਆ ਹੈ। ਦੱਸਣਯੋਗ ਹੈ ਕਿ 24 ਜੁਲਾਈ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਦੋਂ ਚਮਕੌਰ ਸਾਹਿਬ ਫੇਰੀ ਦੌਰਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਗਏ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਸੀ। ਕੈਬਨਿਟ ਮੰਤਰੀ ਚੰਨੀ ਨੇ ਇਲਜ਼ਾਮ ਲਾਏ ਸੀ ਕਿ ਪੁਲੀਸ ਦੀ ਮਿਲੀਭੁਗਤ ਨਾਲ ਕੁਝ ਸ਼ੱਕੀ ਅਨਸਰਾਂ ਨੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲੀਸ ਸ਼ੱਕੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਦੇ ਮਗਰਲੇ ਗੇਟ ਰਾਹੀਂ ਬਾਹਰ ਨਿਕਲਣਾ ਪਿਆ। ਉਸ ਮਗਰੋਂ ਨਵਜੋਤ ਸਿੱਧੂ ਨੇ ਇਸ ਮਾਮਲੇ ’ਤੇ ਡੀਜੀਪੀ ਨਾਲ ਵੀ ਗੱਲ ਕੀਤੀ ਸੀ। ਦੂਜੇ ਪਾਸੇ ਮੰਤਰੀ ਚੰਨੀ ਦੀ ਇਸ ਬੋਲਬਾਣੀ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਹਲਕਾ ਚਮਕੌਰ ਸਾਹਿਬ ਵਿੱਚ ਪ੍ਰਚਾਰ ਵਿੱਢ ਦਿੱਤਾ ਸੀ।
ਚਮਕੌਰ ਸਾਹਿਬ ਪੁਲੀਸ ਨੇ ਕਿਰਤੀ ਕਿਸਾਨ ਮੋਰਚੇ ਦੇ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ, ਮਹਿਲਾ ਕਿਸਾਨ ਆਗੂ ਜਗਦੀਪ ਕੌਰ, ਕਿਸਾਨ ਆਗੂ ਕੁਲਵੰਤ ਸਿੰਘ ਸੈਣੀ ਤੇ ਸਰਪੰਚ ਸਤਨਾਮ ਸਿੰਘ ਸਮੇਤ 40 ਅਣਪਛਾਤੇ ਵਿਅਕਤੀਆਂ ’ਤੇ ਧਾਰਾ 148, 149, 282, 323, 341 ਤਹਿਤ ਕੇਸ ਦਰਜ ਕੀਤਾ ਹੈ। ਕਿਰਤੀ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਟੌਲ ਪਲਾਜ਼ਾ ਸੌਲਖੀਆਂ ’ਤੇ ਕਿਸਾਨ ਦਾ ਵੱਡਾ ਇਕੱਠ ਹੋਇਆ। ਕਿਸਾਨਾਂ ਨੇ ਮੰਤਰੀ ਚੰਨੀ ਖ਼ਿਲਾਫ਼ ਬਿਗਲ ਵਜਾ ਦਿੱਤਾ।
ਇਸੇ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸਿਆਸੀ ਨੁਕਸਾਨ ਦੇ ਡਰੋਂ ਅੱਜ ਪੁਲੀਸ ਨੂੰ ਪੱਤਰ ਲਿਖ ਦਿੱਤਾ ਕਿ ਸਬੰਧਤ ਵਿਅਕਤੀਆਂ ’ਤੇ ਦਰਜ ਐੱਫਆਈਆਰ ਰੱਦ ਕੀਤੀ ਜਾਵੇ। ਉਨ੍ਹਾਂ ਐੱਸਐੱਚਓ ਤੇ ਡੀਐੱਸਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੋ ਉਨ੍ਹਾਂ ’ਤੇ 24 ਜੁਲਾਈ ਨੂੰ ਜਾਨਲੇਵਾ ਹਮਲਾ ਹੋਇਆ ਸੀ, ਉਸ ਸਬੰਧੀ ਪੁਲੀਸ ਨੇ ਆਪਣੇ ਪੱਧਰ ’ਤੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਉਨ੍ਹਾਂ ਜਾਂ ਕਾਂਗਰਸੀ ਵਰਕਰਾਂ ਵੱਲੋਂ ਕੋਈ ਦਰਖ਼ਾਸਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਨਾ ਕੋਈ ਬਿਆਨ ਦਰਜ ਕਰਾਏ ਹਨ ਅਤੇ ਨਾ ਹੀ ਉਹ ਕਿਸੇ ਖ਼ਿਲਾਫ਼ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹਨ। ਚੰਨੀ ਨਾਲ ਅੱਜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਐੱਸਐੱਸਪੀ ਦਫ਼ਤਰ ਦੇ ਘਿਰਾਓ ਦੀ ਚਿਤਾਵਨੀ
ਕਿਰਤੀ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਤਾਜਪੋਸ਼ੀ ਵਾਲੇ ਦਿਨ ਕਿਸਾਨਾਂ ਬਾਰੇ ਦਿੱਤੇ ਬਿਆਨ ‘ਪਿਆਸਾ ਖੂਹ ਕੋਲ ਆਉਂਦਾ ਹੈ’ ਨੂੰ ਲੈ ਕੇ ਕਿਸਾਨਾਂ ’ਚ ਰੋਸ ਸੀ, ਜਿਸ ਕਰਕੇ ਕਾਲੇ ਝੰਡੇ ਦਿਖਾਏ ਗਏ ਸਨ। ਉਨ੍ਹਾਂ ਕਿਹਾ ਕਿ ਜੇ ਪੁਲੀਸ ਕੇਸ ਰੱਦ ਨਾ ਕੀਤਾ ਤਾਂ ਉਹ ਪਹਿਲੀ ਅਗਸਤ ਨੂੰ ਐੱਸਐੱਸਪੀ ਰੋਪੜ ਦੇ ਦਫ਼ਤਰ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੇ ਕੈਬਨਿਟ ਮੰਤਰੀ ਚੰਨੀ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਹੁਣ ਆਪਣੇ ਖ਼ਿਲਾਫ਼ ਰੋਹ ਨੂੰ ਦੇਖ ਕੇ ਹੀ ਮੰਤਰੀ ਨੇ ਮੋੜਾ ਕੱਟਿਆ ਹੈ।