ਜਸਵੰਤ ਜੱਸ
ਫ਼ਰੀਦਕੋਟ, 23 ਸਤੰਬਰ
ਬਾਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਸਬੰਧੀ ਸ਼ੁਰੂ ਹੋਏ ਪੰਜ ਰੋਜ਼ਾ ਸਮਾਗਮ ਅੱਜ ਵਿਲੱਖਣ ਨਗਰ ਕੀਰਤਨ ਉਪਰੰਤ ਸਮਾਪਤ ਹੋ ਗਏ। ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਤੋਂ ਲੈ ਕੇ ਗੁਰਦੁਆਰਾ ਗੋਦੜੀ ਸਾਹਿਬ ਤੱਕ ਸਜਾਏ ਗਏ ਚਾਰ ਕਿਲੋਮੀਟਰ ਲੰਮੇ ਨਗਰ ਕੀਰਤਨ ਵਿੱਚ ਪੰਜਾਬ ਭਰ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਖੇਡ ਨਾਲ ਸਬੰਧਤ ਸੰਸਥਾਵਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਈਂ ਲੰਗਰ ਵੀ ਲਗਾਏ। ਆਗਮਨ ਪੁਰਬ ਦੇ ਆਖਰੀ ਦਿਨ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਆਈਏਐੱਸ ਅਧਿਕਾਰੀ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਐਵਾਰਡ ਫਾਰ ਆਨੈਸਟੀ ਦਿੱਤਾ ਗਿਆ, ਜਿਸ ਵਿੱਚ ਇੱਕ ਲੱਖ ਰੁਪਏ ਨਕਦ, ਪ੍ਰਸ਼ੰਸਾ ਪੱਤਰ ਅਤੇ ਦੁਸ਼ਾਲਾ ਸ਼ਾਮਲ ਸੀ। ਇਸੇ ਤਰ੍ਹਾਂ ਸਮਾਜ ਸੇਵਾ ਬਦਲੇ ਵਾਤਾਵਰਨ ਪ੍ਰੇਮੀ ਅਤੇ ਸੰਸਥਾ ‘ਸੀਰ’ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ ਅਤੇ ਫ਼ਰੀਦਕੋਟ ਦੇ ਅੰਗਹੀਣ ਅਧਿਆਪਕ ਸੰਦੀਪ ਅਰੋੜਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰਬੰਧਕ ਗੁਰਿੰਦਰ ਮੋਹਨ ਸਿੰਘ, ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਪ੍ਰਿੰਸੀਪਲ ਕੁਲਦੀਪ ਕੌਰ ਹਾਜ਼ਰ ਸਨ।
ਸੰਧਵਾਂ ਵੱਲੋਂ ਬਾਬਾ ਫਰੀਦ ਦੇ ਆਗਮਨ ਪੁਰਬ ਦੀਆਂ ਵਧਾਈਆਂ
ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਫੀ ਸੰਤ ਬਾਬਾ ਫਰੀਦ ਦੇ ਆਗਮਨ ਪੁਰਬ ’ਤੇ ਸੂਬੇ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਨੇ ਆਪਣੀ ਬਾਣੀ ਵਿੱਚ ਲੋਕਾਈ ਨੂੰ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਿਲਵਰਤਣ ਦਾ ਸੁਨੇਹਾ ਦਿੱਤਾ। ਉਨ੍ਹਾਂ ਲੋਕਾਂ ਨੂੰ ਬਾਬਾ ਫਰੀਦ ਵੱਲੋਂ ਦੱਸੇ ਗਏ ਮਾਰਗ ’ਤੇ ਚੱਲਣ ਅਤੇ ਆਪਸੀ ਪ੍ਰੇਮ ਪਿਆਰ ਨਾਲ ਰਹਿਣ ਦੀ ਅਪੀਲ ਕੀਤੀ।