ਸੰਜੀਵ ਤੇਜਪਾਲ
ਮੋਰਿੰਡਾ, 4 ਮਾਰਚ
ਮੋਰਿੰਡਾ ਦੇ ਵਸਨੀਕ ਰਾਮ ਪ੍ਰਵੇਸ਼ ਦੇ ਪਰਿਵਾਰ ਨੇ ਅੱਜ ਉੱਦੋਂ ਸੁੱਖ ਦਾ ਸਾਹ ਲਿਆ ਜਦੋਂ ਉਨ੍ਹਾਂ ਦਾ ਪੁੱਤਰ ਮੁਕੇਸ਼ ਕੁਮਾਰ ਹੰਗਰੀ ਤੋਂ ਇੱਕ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚਿਆ। ਉੱਥੋਂ ਉਹ ਆਪਣੇ ਪਰਿਵਾਰ ਨਾਲ ਮੋਰਿੰਡਾ ਆਪਣੇ ਘਰ ਪਹੁੰਚ ਗਿਆ।
ਆਪਣੀ ਹੱਡ ਬੀਤੀ ਸੁਣਾਉਂਦਿਆਂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਯੂਕਰੇਨ ਵਿੱਚ ਉਹ ਦੋ ਸਾਲ ਪਹਿਲਾਂ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸੀ। ਉਹ ਯੂਕਰੇਨ ਦੇ ਕੀਵ ਸ਼ਹਿਰ ਵਿੱਚ ਆਪਣੇ ਚਾਰ ਦੋਸਤਾਂ ਨਾਲ ਰਹਿੰਦਾ ਸੀ। ਜਦੋਂ ਰੂਸ ਅਤੇ ਯੂਕਰੇਨ ਵਿੱਚ ਲੜਾਈ ਸ਼ੁਰੂ ਹੋ ਗਈ ਤਾਂ ਉਨ੍ਹਾਂ ਨੂੰ ਭਾਰਤੀ ਅੰਬੈਸੀ ਵਲੋਂ ਐਡਵਾਇਜ਼ਰੀ ਜਾਰੀ ਹੋ ਗਈ ਸੀ ਕਿ ਹੁਣ ਹਾਲਾਤ ਖਰਾਬ ਹੋ ਰਹੇ ਹਨ ਤੇ ਛੇਤੀ ਤੋਂ ਛੇਤੀ ਸੁਰੱਖਿਅਤ ਥਾਂ ’ਤੇ ਪਹੁੰਚ ਜਾਓ। ਉਸ ਨੈ ਦੱਸਿਆ ਕਿ ਉਹ ਕੀਵ ਸ਼ਹਿਰ ਤੋਂ 50 ਕਿਲੋਮੀਟਰ ਦੂਰ ਚਲਾ ਗਿਆ। ਹਾਲਾਤ ਰੋਜ਼ ਵਿਗੜਦੇ ਗਏ ਤੇ ਖਾਣ-ਪੀਣ ਦੀ ਘਾਟ ਹੋ ਗਈ। 2 ਮਾਰਚ ਨੂੰ ਆਪਣੇ ਸਾਥੀਆਂ ਨਾਲ ਇੱਕ ਬੱਸ ਰਾਹੀਂ ਹੰਗਰੀ ਦਾਖਲ ਹੋ ਗਏ ਤੇ ਅੱਜ ਉਹ ਭਾਰਤੀ ਫੌਜ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚ ਗਿਆ।
ਅੰਬਾਲਾ (ਰਤਨ ਸਿੰਘ ਢਿੱਲੋਂ): ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਐੱਮਬੀਬੀਐੱਸ ਦੇ ਪੰਜਵੇਂ ਸਾਲ ਵਿੱਚ ਪੜ੍ਹ ਰਹੀ ਆਂਚਲ ਬੜੇ ਦੁੱਖ ਝੱਲਦਿਆਂ ਅਖੀਰ ਬਰਾੜਾ ਦੇ ਬੁਡੀਉਂ ਪਿੰਡ ਵਿਚ ਸਥਿਤ ਆਪਣੇ ਘਰ ਪਹੁੰਚ ਗਈ। ਉਸ ਦਾ ਐਕਸ ਸਰਵਿਸਮੈਨ ਪਿਤਾ ਰਮੇਸ਼ ਪਾਲ ਉਸ ਨੂੰ ਸ਼ਾਹਬਾਦ ਤੋਂ ਘਰ ਲੈ ਆਇਆ ਤਾਂ ਮਾਂ ਨੇ ਆਉਂਦੇ ਹੀ ਧੀ ਨੂੰ ਆਪਣੇ ਗਲ਼ ਨਾਲ ਲਾ ਲਿਆ ਅਤੇ ਦੋਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਪਤਾ ਲਗਦਿਆਂ ਹੀ ਆਂਢ-ਗੁਆਂਢ ਵੀ ਹਾਲ ਜਾਣਨ ਲਈ ਆ ਗਿਆ। ਆਂਚਲ ਨੇ ਦੱਸਿਆ ਕਿ ਜੰਗ ਦੇ ਪਹਿਲੇ ਦਿਨ ਉਸ ਨੇ ਰਸੋਈ ਵਿਚ ਕੰਮ ਕਰਦਿਆਂ ਮਿਜ਼ਾਈਲ ਨੂੰ ਫਟਦਿਆਂ ਦੇਖਿਆ। ਬੰਬਬਾਰੀ ਤੋਂ ਬਾਅਦ ਯੂਨੀਵਰਸਿਟੀ ਵਿਚ ਭੱਜ-ਦੌੜ ਮੱਚ ਗਈ। ਦੋ ਦਿਨ ਬੰਕਰ ਵਿਚ ਗੁਜ਼ਾਰਨ ਤੋਂ ਬਾਅਦ ਉਹ 26 ਫਰਵਰੀ ਨੂੰ ਆਪਣੇ ਨਾਲ ਜ਼ਰੂਰਤ ਦਾ ਸਾਮਾਨ ਲੈ ਕੇ ਯੂਨੀਵਰਸਿਟੀ ’ਚੋਂ ਨਿਕਲੀ ਅਤੇ 10 ਮੀਲ ਦਾ ਪੈਂਡਾ ਪੈਦਲ ਤੈਅ ਕਰ ਕੇ ਮੈਟਰੋ ਸਟੇਸ਼ਨ ਪਹੁੰਚੀ। ਮੈਟਰੋ ਵਿਚ ਸਵਾਰ ਹੋ ਕੇ 27 ਫਰਵਰੀ ਨੂੰ ਉਹ ਲਵੀਲ ਸ਼ਹਿਰ ਤੇ 28 ਫਰਵਰੀ ਨੂੰ ਬੱਸ ਫੜ ਕੇ ਉਦੋਗਰੋਦ ਸ਼ਹਿਰ ਪਹੁੰਚੀ। ਬੱਸ ਦਾ ਉਸ ਨੂੰ ਪੰਜ ਗੁਣਾ ਕਿਰਾਇਆ ਦੇਣਾ ਪਿਆ। ਦੋਸਤਾਂ ਤੋਂ ਪਤਾ ਲੱਗਾ ਕਿ ਹੰਗਰੀ ਬਾਰਡਰ ’ਤੇ ਹਾਲਾਤ ਠੀਕ ਹਨ, ਇਸ ਵਾਸਤੇ ਉਹ ਹੰਗਰੀ ਬਾਰਡਰ ਪਹੁੰਚ ਗਈ, ਜਿੱਥੇ ਪਹਿਲੀ ਮਾਰਚ ਨੂੰ ਉਸ ਨੇ ਬਾਰਡਰ ਪਾਰ ਕੀਤਾ। ਹੰਗਰੀ ਵਿਚ ਉਸ ਨੇ ਵਾਲੰਟੀਅਰਾਂ ਨਾਲ ਸੰਪਰਕ ਕੀਤਾ, ਜਿਸ ਮਗਰੋਂ ਉਸ ਨੂੰ ਬਿਨਾ ਕੋਈ ਪੈਸਾ ਦਿੱਤੇ ਇਕ ਅੱਛੇ ਹੋਟਲ ਵਿਚ ਠਹਿਰਾਇਆ ਗਿਆ। 2 ਮਾਰਚ ਰਾਤ ਨੂੰ ਜਹਾਜ਼ ਫੜ ਕੇ ਉਹ 3 ਮਾਰਚ ਨੂੰ ਸਵੇਰੇ ਦਿੱਲੀ ਹਵਾਈ ਅੱਡੇ ਪਹੁੰਚ ਗਈ। ਆਂਚਲ ਨੇ ਕਿਹਾ ਕਿ ਹਾਲਾਤ ਠੀਕ ਹੋਣ ’ਤੇ ਉਹ ਵਾਪਸ ਜਾ ਕੇ ਆਪਣੀ ਡਿਗਰੀ ਮੁਕੰਮਲ ਕਰੇਗੀ।
ਕਾਲਕਾ ਦਾ ਸਿਧਾਰਥ ਅਜੇ ਵੀ ਯੂਕਰੇਨ ’ਚ ਫਸਿਆ
ਪੰਚਕੂਲਾ (ਪੀ.ਪੀ. ਵਰਮਾ): ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਕਾਲਕਾ ਦਾ ਇਕ ਵਿਦਿਆਰਥੀ ਫਸ ਗਿਆ ਹੈ, ਜਿਸ ਕਰ ਕੇ ਉਸ ਦੇ ਮਾਪੇ ਬੇਹੱਦ ਚਿੰਤਤ ਹਨ। ਮਿਲੀ ਜਾਣਕਾਰੀ ਅਨੁਸਾਰ ਸਿਧਾਰਥ (23) ਨਾਂ ਦਾ ਵਿਦਿਆਰਥੀ ਯੂਕਰੇਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਹੈ। ਭਾਵੇਂ ਕਿ ਸਿਧਾਰਥ ਦੀ ਭਰਾ ਨਾਲ ਮੋਬਾਈਲ ਉੱਤੇ ਗੱਲਬਾਤ ਹੋ ਰਹੀ ਹੈ ਪਰ ਮਾਪਿਆਂ ਨੂੰ ਆਪਣੇ ਪੁੱਤਰ ਦੇ ਘਰ ਪਰਤਣ ਦੀ ਬੇਸਬਰੀ ਨਾਲ ਉਡੀਕ ਹੈ। ਸਿਧਾਰਥ ਯੂਕਰੇਨ ਦੇ ਸੂਮੀ ਸ਼ਹਿਰ ਦੀ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ। ਇਹ ਸ਼ਹਿਰ ਯੂਕਰੇਨ ਦੇ ਪੂਰਬੀ ਹਿੱਸੇ ਵਿਚ ਪੈਂਦਾ ਹੈ। ਸਿਧਾਰਥ ਦੇ ਪਰਿਵਾਰ ਵਾਲਿਆਂ ਮੁਤਾਬਕ ਉਹ ਅਤੇ ਉਸ ਦੇ ਸਾਥੀ ਵਿਦਿਆਰਥੀ ਇੱਕ ਸ਼ੈਲਟਰ ਵਿੱਚ ਛੁਪੇ ਹੋਏ ਹਨ। ਉਸ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਯੂਰੋਪੀ ਦੇਸ਼ ਦੇ ਇਸ ਹਿੱਸੇ ਵਿੱਚ ਅੱਜਕੱਲ੍ਹ ਜੰਗ ਛਿੜੀ ਹੋਣ ਕਰ ਕੇ ਕੋਈ ਜਨਤਕ ਟਰਾਂਸਪੋਰਟ ਦੀ ਸੁਵਿਧਾ ਵੀ ਨਹੀਂ ਹੈ। ਸਿਧਾਰਥ ਦੇ ਨਾਲ 200 ਵਿਦਿਆਰਥੀ ਹੋਰ ਵੀ ਹਨ ਜਿਹੜੇ ਕਦੇ ਬੰਕਰ ਵਿੱਚ ਚਲੇ ਜਾਂਦੇ ਹਨ ਤਾਂ ਕਦੇ ਬਾਹਰ ਆ ਕੇ ਟਰਾਂਸਪੋਰਟ ਦੇ ਕਿਸੇ ਸਾਧਨ ਜਾਂ ਕੋਈ ਹੋਰ ਮਦਦ ਦੀ ਉਡੀਕ ਕਰਦੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਉੱਥੇ ਖਾਣ-ਪੀਣ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ। ਉੱਧਰ, ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਨਾਲ ਵੀ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੇ ਉਨ੍ਹਾਂ ਦੇ ਪੁੱਤਰ ਸਿਧਾਰਥ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਉੱਥੋਂ ਕੱਢੇ ਕੇ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।