ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਅਮਰੀਕਾ ਵਾਸੀ ਸੁਮਨ ਤੂਰ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਕਰੀਬੀ ਦੋਸਤ ਅਤੇ ਵਕੀਲ ਮਨਜੀਤ ਸਿੰਘ ਖਹਿਰਾ ਸ੍ਰੀ ਸਿੱਧੂ ਦੇ ਪੱਖ ’ਚ ਆ ਖੜ੍ਹੇ ਹੋ ਗਏ ਹਨ। ਉਨ੍ਹਾਂ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੰਧੂ ਆਪਣੇ ਪਿਤਾ ਦੀ ਇਕਲੌਤੀ ਔਲਾਦ ਸਨ ਪਰ ਹੁਣ 35 ਸਾਲਾਂ ਬਾਅਦ ਜਾਣ-ਬੁੱਝ ਕੇ ਨਵਜੋਤ ਸਿੰਘ ਸਿੱਧੂ ’ਤੇ ਦੋਸ਼ ਲਗਾਏ ਜਾ ਰਹੇ ਹਨ। ਐਡਵੋਕੇਟ ਖਹਿਰਾ ਨੇ ਕਿਹਾ ਕਿ ਸੁਮਨ ਦੇ ਪਿਤਾ ਸ੍ਰੀ ਸੋਢੀ ਪਟਿਆਲਾ ਦੇ ਵਪਾਰੀ ਸਨ। ਉਨ੍ਹਾਂ ਦਾ ਨਿਰਮਲ ਨਾਲ ਲੁਧਿਆਣਾ ਵਿੱਚ ਤਲਾਕ ਹੋ ਗਿਆ ਸੀ ਜਦਕਿ ਸ੍ਰੀ ਸੋਢੀ ਦੀਆਂ ਦੋ ਲੜਕੀਆਂ 10 ਅਤੇ 12 ਸਾਲ ਦੀਆਂ ਸਨ। ਇਨ੍ਹਾਂ ਲੜਕੀਆਂ ਨੇ ਕਈ ਸਾਲ ਪਹਿਲਾਂ ਆਪਣੇ ਪਿਤਾ ਦੀ ਮੌਤ ’ਤੇ ਮੁਹਾਲੀ ’ਚ ਜਾਇਦਾਦ ’ਤੇ ਵੀ ਹੱਕ ਜਤਾਇਆ ਸੀ।