ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਮੌਕੇ ਲਾਈਆਂ ਗਈਆਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਸਬੰਧੀ ਕਾਂਗਰਸ ਸਰਕਾਰ ਵੱਲੋਂ ਲੀਕ ਫੇਰਨ ਅਤੇ ਦਿੱਤੀਆਂ ਗਈਆਂ ਪੈਨਸ਼ਨਾਂ ਵਿੱਚੋਂ 162.35 ਕਰੋੜ ਰੁਪਏ ਪੈਨਸ਼ਨਧਾਰਕਾਂ ਤੋਂ ਵਸੂਲਣ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਗਏ ਹੁਕਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਿਸੇ ਵੱਡੇ ਅਧਿਕਾਰੀ ਜਾਂ ਜਾਂਚ ਏਜੰਸੀ ਤੋੋਂ ਕਰਵਾਈ ਜਾਵੇ ਤੇ ਜਿਨ੍ਹਾਂ ਲੋਕਾਂ ਨੇ ਉਮਰ ਗ਼ਲਤ ਦੱਸ ਕੇ ਪੈਨਸ਼ਨ ਲਗਵਾਈ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਪੈਨਸ਼ਨਾਂ ਲਗਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਕੋਟ ਮੰਗਲ ਸਿੰਘ ਸਥਿਤ ਆਪਣੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵੱਲੋਂ ਆਪਣੇ ਖਰਚੇ ਲਈ ਹੀ ਪੈਨਸ਼ਨ ਲਈ ਜਾਂਦੀ ਹੈ ਅਤੇ ਹੁਣ ਤੱਕ ਅਨੇਕਾਂ ਬਜ਼ੁਰਗ ਪੈਨਸ਼ਨ ਕਢਵਾ ਕੇ ਖਰਚ ਚੁੱਕੇ ਹੋਣਗੇ ਅਤੇ ਉਨ੍ਹਾਂ ਕੋਲ ਸਰਕਾਰ ਨੂੰ ਪੈਸੇ ਵਾਪਸ ਕਰਨੇ ਬੇਹੱਦ ਮੁਸ਼ਕਲ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪੈਨਸ਼ਨਧਾਰਕਾਂ ਦੇ ਕਾਗਜ਼ ਸਹੀ ਹਨ ਉਨ੍ਹਾਂ ਦੀਆਂ ਪੈਨਸ਼ਨਾਂ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜਿਨ੍ਹਾਂ ਲੋਕਾਂ ਦੀ ਉਮਰ ਘੱਟ ਸੀ ਪਰ ਉਨ੍ਹਾਂ ਨੇ ਉਮਰ ਵੱਧ ਲਿਖਵਾ ਕੇ ਪੈਨਸ਼ਨਾਂ ਲਗਵਾਈਆਂ ਸਨ, ਉਨ੍ਹਾਂ ਖ਼ਿਲਾਫ਼ ਹੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਜਾਂ ਕਿਸੇ ਜਾਂਚ ਏਜੰਸੀ ਤੋਂ ਨਿਰਪੱਖ ਤੌਰ ’ਤੇ ਕਰਵਾਈ ਜਾਣੀ ਚਾਹੀਦੀ ਹੈ।