ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੀ ਅਪੀਲ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੀ ਇਮਾਰਤ ’ਤੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਬੀਤੀ 14 ਅਗਸਤ ਨੂੰ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ਦੀ ਜਾਂਚ ਦਾ ਜ਼ਿੰਮਾ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੇ ਸਪੁਰਦ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਐੱਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਹੋਈ। ਇਸ ਮਾਮਲੇ ਵਿੱਚ ਨਾਮਜ਼ਦ ਰਾਮ ਤੀਰਥ ਵਾਸੀ ਕਪੂਰੇ (ਮੋਗਾ) ਨੂੰ ਅੱਜ ਐੱਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ 12 ਅਕਤੂਬਰ ਤੱਕ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਚਾਰ ਮੁਲਜ਼ਮਾਂ ਇੰਦਰਜੀਤ ਸਿੰਘ ਗਿੱਲ, ਜਸਪਾਲ ਸਿੰਘ ਉਰਫ਼ ਰਿੰਪਾ, ਆਕਾਸ਼ਦੀਪ ਸਿੰਘ ਅਤੇ ਜੋਗਿੰਦਰ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਭੁਗਤੀ। ਇਸ ਮੌਕੇ ਐਨਆਈਏ ਦੀ ਜਾਂਚ ਟੀਮ ਅਤੇ ਮੋਗਾ ਪੁਲੀਸ ਦੇ ਮੁਲਾਜ਼ਮ ਵੀ ਹਾਜ਼ਰ ਸਨ।