ਦਲਬੀਰ ਸੱਖੋਵਾਲੀਆ/ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 9 ਮਈ
ਨੇੜਲੇ ਪਿੰਡ ਰਾਮਦੀਵਾਲੀ ਨੇੜੇ ਗੁੱਜਰਾਂ ਦੀਆਂ 70 ਦੇ ਕਰੀਬ ਮੱਝਾਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਹਨ। ਪੀੜਤ ਗੁੱਜਰ ਮੰਨੂ ਪੁੱਤਰ ਸਾਹੀਆ ਨੇ ਦੱਸਿਆ ਕਿ ਉਹ ਅੱਜ ਆਪਣੀਆਂ 70 ਦੇ ਕਰੀਬ ਮੱਝਾਂ ਜਿਨ੍ਹਾਂ ’ਚ ਕੁਝ ਕੱਟੇ-ਕੱਟੀਆਂ ਵੀ ਸਨ, ਨੂੰ ਡੇਰਾ ਬਾਬਾ ਨਾਨਕ ਤੋਂ ਪਿੰਡ ਹਰਦਰਵਾਲ ਲਿਜਾ ਰਹੇ ਸਨ। ਪਿੰਡ ਰਾਮਦੀਵਾਲੀ ਨੇੜੇ ਪਹੁੰਚਣ ’ਤੇ ਮੱਝਾਂ ਗਰਮੀ ਕਾਰਨ ਪਾਣੀ ਪੀਣ ਲਈ ਸ਼ੱਕੀ ਦੇ ਪੁਲ ਥੱਲੇ ਖੜ੍ਹੇ ਪਾਣੀ ਵਿੱਚ ਵੜ ਗਈਆਂ। ਪੁਲ ਬਹੁਤ ਨੀਵਾਂ ਸੀ ਤੇ ਇਸ ਵਿੱਚ ਬੂਟੀ ਤੇ ਦਲਦਲ ਜ਼ਿਆਦਾ ਹੋਣ ਕਾਰਨ ਮੱਝਾਂ ਦਲਦਲ ਵਿੱਚ ਫ਼ਸ ਗਈਆਂ। ਬੂਟੀ ਵਿੱਚ ਫਸੀਆਂ ਮੱਝਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੱਢਿਆ ਨਾ ਜਾ ਸਕਿਆ। ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਜਦੋਂ ਟਰੈਕਟਰ ਨਾਲ ਮੱਝਾਂ ਬਾਹਰ ਕੱਢੀਆਂ ਤਾਂ ਉਹ ਮਰ ਚੁੱਕੀਆਂ ਸਨ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦਾ ਰੋਜ਼ੀ-ਰੋਟੀ ਹੀ ਮੱਝਾਂ ਦੇ ਦੁੱਧ ਤੋਂ ਚੱਲਦੀ ਸੀ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਲੋਕਾਂ ਨੇ ਡਰੇਨ ਵਿਭਾਗ ਤੋਂ ਮੰਗ ਕੀਤੀ ਹੈ ਕਿ ਸ਼ੱਕੀ ਨਾਲੇ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।