ਦਵਿੰਦਰ ਪਾਲ
ਚੰਡੀਗੜ੍ਹ, 11 ਮਾਰਚ
ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਆਮ ਤੌਰ ’ਤੇ 35 ਤੋਂ 41 ਫ਼ੀਸਦੀ ਦੇ ਦਰਮਿਆਨ ਵੋਟ ਫ਼ੀਸਦ ਹਾਸਲ ਕੀਤੀ ਜਾਂਦੀ ਰਹੀ ਹੈ ਤੇ ਅਕਾਲੀ ਦਲ ਦੇ ਹਿੱਸੇ ਵੀ 31 ਤੋਂ 37 ਫ਼ੀਸਦੀ ਤੱਕ ਵੋਟਾਂ ਆ ਜਾਂਦੀਆਂ ਸਨ। ਇਸ ਵਾਰੀ ਵੋਟਰਾਂ ਨੇ ਦੋਹਾਂ ਰਵਾਇਤੀ ਪਾਰਟੀਆਂ ਨੂੰ ਅਜਿਹਾ ਧੋਬੀ ਪਟਕਾ ਮਾਰਿਆ, ਕਿ ‘ਆਪ’ ਨੂੰ 42.01, ਕਾਂਗਰਸ ਨੂੰ 22.98 ਤੇ ਅਕਾਲੀ ਦਲ ਨੂੰ 18.38 ਫ਼ੀਸਦੀ ਵੋਟ ਮਿਲੇ, ਖੱਬੇ ਪੱਖੀਆਂ ਅਤੇ ਹੋਰਾਂ ਪਾਰਟੀਆਂ ਦਾ ਵੋਟ ਬੈਂਕ ਤਾਂ ਬਿਲਕੁਲ ਹੀ ਸੁੰਗੜ ਗਿਆ। ਤਾਜ਼ਾ ਚੋਣਾਂ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਭਾਜਪਾ ਨੇ 6.60 ਫ਼ੀਸਦ ਵੋਟਾਂ ਨਾਲ 2 ਅਤੇ ਬਸਪਾ ਨੇ 1.77 ਫ਼ੀਸਦ ਵੋਟਾਂ ਨਾਲ ਇੱਕ ਸੀਟ ’ਤੇ ਜਿੱਤ ਹਾਸਲ ਕੀਤੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਾਲ 2017 ਵਿੱਚ ਕਾਂਗਰਸ ਪਾਰਟੀ ਨੇ 38.5 ਫ਼ੀਸਦ ਵੋਟਾਂ ਨਾਲ 77 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਉਥੇ ਹੀ ਮੁੱਖ ਵਿਰੋਧੀ ਧਿਰ ਬਣੀ ‘ਆਪ’ ਨੇ 23.7 ਫ਼ੀਸਦ ਵੋਟਾਂ ਦੇ ਨਾਲ 20, ਸ਼੍ਰੋਮਣੀ ਅਕਾਲੀ ਦਲ ਨੇ 25.2 ਫ਼ੀਸਦ ਵੋਟਾਂ ਨਾਲ 15, ਭਾਜਪਾ ਨੇ 5.4 ਫ਼ੀਸਦ ਵੋਟਾਂ ਦੇ ਨਾਲ 3 ਅਤੇ ਲੋਕ ਇਨਸਾਫ਼ ਪਾਰਟੀ ਨੇ 1.2 ਫ਼ੀਸਦ ਵੋਟਾਂ ਨਾਲ 2 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਸਾਲ 2012 ਦੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਨੂੰ 34.73 ਫ਼ੀਸਦ ਵੋਟਾਂ ਨਾਲ 56 ਅਤੇ ਭਾਜਪਾ ਨੇ 7.18 ਫ਼ੀਸਦ ਵੋਟਾਂ ਨਾਲ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਦੋਂਕਿ ਕਾਂਗਰਸ ਪਾਰਟੀ 40.09 ਫ਼ੀਸਦ ਵੋਟਾਂ ਦੇ ਨਾਲ 46 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਈ ਸੀ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਪੰਜਾਬ ਵਿੱਚ ਗੱਠਜੋੜ ਸਰਕਾਰ ਬਣਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ 37.09 ਫ਼ੀਸਦ ਵੋਟਾਂ ਨਾਲ 49 ਅਤੇ ਭਾਜਪਾ ਨੂੰ 8.28 ਫ਼ੀਸਦ ਵੋਟਾਂ ਦੇ ਨਾਲ 19 ਸੀਟਾਂ ’ਤੇ ਜਿੱਤ ਹਾਸਲ ਹੋਈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ 40.9 ਫ਼ੀਸਦ ਵੋਟਾਂ ਨਾਲ 44 ਸੀਟਾਂ ’ਤੇ ਹਾਸਲ ਕੀਤੀਆਂ ਸਨ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕਰਕੇ ਪੰਜਾਬ ਦੀ ਸੱਤਾ ਆਪਣੇ ਕਬਜ਼ੇ ਹੇਠ ਲਈ ਸੀ। ਇਸ ਮੌਕੇ ਕਾਂਗਰਸ ਨੂੰ 35.81 ਫ਼ੀਸਦ ਵੋਟਾਂ ਪਈਆਂ ਸਨ, ਜਦੋਂਕਿ ਮੁੱਖ ਵਿਰੋਧੀ ਧਿਰ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਰਹੇ ਸਨ। ਸ਼੍ਰੋਮਣੀ ਅਕਾਲੀ ਨੂੰ 31.08 ਫ਼ੀਸਦ ਵੋਟਾਂ ਦੇ ਨਾਲ 41 ਅਤੇ ਭਾਜਪਾ ਨੂੰ 5.67 ਫ਼ੀਸਦ ਵੋਟਾਂ ਦੇ ਨਾਲ 3 ਸੀਟਾਂ ’ਤੇ ਹੀ ਜਿੱਤ ਮਿਲ ਸਕੀ ਹੈ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 1,52,25,395 ਵੋਟਰ ਸਨ, ਜਿਨ੍ਹਾਂ ਵਿੱਚੋਂ 1,04,63,868 ਵੋਟਾਂ (68.7 ਫ਼ੀਸਦ) ਪਈਆਂ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਗਠਜੋੜ ਨੇ 93 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਕਾਂਗਰਸ ਨੂੰ 14, ਆਜ਼ਾਦ ਨੂੰ 6, ਸੀਪੀਆਈ ਨੂੰ 2, ਬਸਪਾ ਤੇ ਅਕਾਲੀ ਦਲ (ਮਾਨ) ਨੇ ਇਕ-ਇਕ ਸੀਟ ਹਾਸਲ ਕੀਤੀ ਸੀ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 37.64 ਫ਼ੀਸਦ, ਭਾਜਪਾ ਨੂੰ 8.33 ਫ਼ੀਸਦ, ਕਾਂਗਰਸ ਨੂੰ 26.38 ਫ਼ੀਸਦ, ਸੀਪੀਆਈ ਨੂੰ 2.86 ਫ਼ੀਸਦ, ਬਹੁਜਨ ਸਮਾਜ ਪਾਰਟੀ (ਬੀਐੱਸਪੀ) ਨੂੰ 6.37 ਫ਼ੀਸਦ, ਸ਼੍ਰੋਮਣੀ ਅਕਾਲੀ ਦਲ (ਮਾਨ) ਨੂੰ 3.10 ਫ਼ੀਸਦ, ਆਜ਼ਾਦ ਉਮੀਦਵਾਰਾਂ ਨੂੰ 10.87 ਫ਼ੀਸਦ, ਸੀਪੀਐੱਮ ਨੂੰ 1.79 ਫ਼ੀਸਦ ਵੋਟਾਂ ਮਿਲੀਆਂ ਸਨ।