ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 12 ਦਸੰਬਰ
ਸ੍ਰੀ ਹਰਗੋਬਿੰਦਪੁਰ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਗੁੱਜਰ ਪਰਿਵਾਰ ਦੇ ਕੁੱਲ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਕਈ ਪਸ਼ੂ ਸੜ ਗਏ। ਜਾਣਕਾਰੀ ਅਨੁਸਾਰ ਮਿਰਜ਼ਾ ਗੁੱਜਰ ਪੁੱਤਰ ਮੁਹੰਮਦ ਹੁਸੈਨ ਤੇ ਸਾਂਗਾਂ ਪੁੱਤਰ ਮੁਹੰਮਦ ਹੁਸੈਨ, ਦੋਵੇਂ ਭਰਾ ਹਨ ਤੇ ਲੰਮੇ ਸਮੇਂ ਤੋਂ ਸ੍ਰੀ ਹਰਗੋਬਿੰਦਪੁਰ ਵਿੱਚ ਰਹਿ ਰਹੇ ਹਨ। ਬੀਤੀ ਰਾਤ ਕਰੀਬ 9 ਵਜੇ ਕੁੱਲ ਤੋਂ ਲਗਪਗ ਇੱਕ ਏਕੜ ਦੀ ਵਿੱਥ ’ਤੇ ਪਏ ਪਸ਼ੂਆਂ ਦੇ ਚਾਰੇ ਨੂੰ ਅੱਗ ਲੱਗ ਗਈ। ਸਾਰੇ ਜਣੇ ਅੱਗ ਬੁਝਾਉਣ ਵਿੱਚ ਰੁੱਝ ਗਏ ਤੇ ਦੂਜੇ ਪਾਸੇ ਅੱਗ ਫੈਲ ਕੇ ਪਸ਼ੂਆਂ ਵਾਲੀ ਥਾਂ ਤਕ ਪਹੁੰਚ ਗਈ, ਜਿਥੇ 37 ਪਸ਼ੂ ਬੰਨ੍ਹੇ ਹੋਏ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਈ ਪਸ਼ੂ ਜਿਉਂਦੇ ਹੀ ਸੜ ਗਏ ਤੇ ਵੱਡੀ ਗਿਣਤੀ ਪਸ਼ੂ ਬੁਰੀ ਤਰ੍ਹਾਂ ਝੁਲਸ ਗਏ। ਇਸ ਅੱਗ ਵਿੱਚ ਉਨ੍ਹਾਂ ਦਾ ਟਰੈਕਟਰ ਤੇ ਮੋਟਰਸਾਈਕਲ ਵੀ ਸੜ ਗਏ।
ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਵਾਮੀ ਪਾਲ ਖੋਸਲਾ ਤੇ ਬਲਵਿੰਦਰ ਸਿੰਘ ਨਾਭਾ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਧਾਇਕ ਲਾਡੀ ਨੇ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਤੇ ਡਾਕਟਰਾਂ ਦੀ ਟੀਮ ਮੌਕੇ ’ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਡੀਸੀ ਗੁਰਦਾਸਪੁਰ ਨਾਲ ਗੱਲ ਕਰ ਕੇ ਪਰਿਵਾਰ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਟਾਲਾ ਤੋਂ ਅੱਗ ਬੁਝਾਊ ਅਮਲੇ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ਅੱਗ ’ਤੇ ਕਾਬੂ ਪਾਇਆ।