ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੂਨ
ਸਿੱਖ ਜਥੇਬੰਦੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਅੱਜ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਭਾਈ ਦਿਲਾਵਰ ਸਿੰਘ ਬੱਬਰ ਦੀ ਤਸਵੀਰ ਸਥਾਪਤ ਕਰ ਦਿੱਤੀ ਹੈ। ਦਿਲਾਵਰ ਸਿੰਘ ਨੇ 31 ਅਗਸਤ 1995 ਨੂੰ ਆਤਮਘਾਤੀ ਹਮਲਾ ਕਰਕੇ ਪੰਜਾਬ ਸਕੱਤਰੇਤ ਦੇ ਬਾਹਰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕੀਤਾ ਸੀ। ਇਸ ਤੋਂ ਇਲਾਵਾ ਅੱਜ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਹੈੱਡ ਗ੍ਰੰਥੀ ਮਰਹੂਮ ਗਿਆਨੀ ਭਗਵਾਨ ਸਿੰਘ ਦੀ ਤਸਵੀਰ ਵੀ ਇੱਥੇ ਅਜਾਇਬ ਘਰ ਵਿੱਚ ਸਥਾਪਤ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਨਿਭਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਨੂੰ 2012 ਵਿੱਚ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮੀ ਸ਼ਹੀਦ ਅਤੇ ਇਸੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੀ ਕਈ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਤ ਕੀਤੀ ਜਾਵੇ।