ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਭਾਰਤ ਤੇ ਅਫ਼ਗਾਨਿਸਤਾਨ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਅਫ਼ਗਾਨਿਸਤਾਨ ਤੋਂ 55 ਸ਼ਰਨਾਰਥੀ ਸਿੱਖਾਂ ਤੇ ਹਿੰਦੂਆਂ ਦਾ ਇੱਕ ਹੋਰ ਜਥਾ ਅੱਜ ਨਵੀਂ ਦਿੱਲੀ ਪਹੁੰਚ ਗਿਆ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਉਕਤ ਜਥੇ ਵਿੱਚ ਸ਼ਾਮਲ ਯਾਤਰੀਆਂ ਨੂੰ ਤਤਕਾਲ ਈ-ਵੀਜ਼ੇ ਮੁਹੱਈਆ ਕਰਵਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਇਸ ਸਬੰਧੀ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਗਿਆ ਸੀ, ਜੋ 38 ਬਾਲਗਾਂ ਤੇ 17 ਬੱਚਿਆਂ ਨੂੰ ਲੈ ਕੇ ਅੱਜ ਇਥੇ ਪਹੁੰਚੀ ਹੈ।
ਸ਼੍ਰੋਮਣੀ ਕਮੇਟੀ ਦੇ ਦਿੱਲੀ ਦੇ ਸਿੱਖ ਮਿਸ਼ਨ ਦੇ ਅਹੁਦੇਦਾਰ ਇਸ ਜਥੇ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਪਹੁੰਚੇ ਹੋਏ ਸਨ। ਜਾਣਕਾਰੀ ਅਨੁਸਾਰ 43 ਹਿੰਦੂ ਤੇ ਸਿੱਖ ਹਾਲੇ ਵੀ ਅਫ਼ਗਾਨਿਸਤਾਨ ਵਿੱਚ ਫਸੇ ਹੋਏ ਹਨ ਤੇ 9 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਲੰਬਿਤ ਪਈਆਂ ਹਨ। ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਤੇ ਦੋ ਸੈਂਚੀਆਂ ਵੀ ਅਫ਼ਗਾਨਿਸਤਾਨ ਸਰਕਾਰ ਕੋਲ ਪਈਆਂ ਹਨ, ਜਿਨ੍ਹਾਂ ਨੂੰ ਕਾਬੁਲ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਧਾਰਮਿਕ ਮਰਿਆਦਾ ਅਨੁਸਾਰ ਭਾਰਤ ਵਿੱਚ ਨਹੀਂ ਲਿਆਂਦਾ ਜਾ ਸਕਿਆ।
ਜ਼ਿਕਰਯੋਗ ਹੈ ਕਿ 543 ਅਫ਼ਗਾਨੀ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਪੱਛਮੀ ਦਿੱਲੀ ਵਿੱਚ ਸਾਰੀਆਂ ਸਹੂਲਤਾਂ ਦੇ ਕੇ ਵਸਾਇਆ ਜਾ ਰਿਹਾ ਹੈ। ਉਨ੍ਹਾਂ ਦੇ ਸਵਾਗਤ ਲਈ ਅੱਜ ਸ਼ਾਮ ਅਫ਼ਗਾਨ ਗੁਰਦੁਆਰਾ ਅਰਜੁਨ ਨਗਰ ਵਿੱਚ ਸਮਾਗਮ ਕਰਵਾਇਆ ਗਿਆ। ਇਨ੍ਹਾਂ ਪਰਿਵਾਰਾਂ ਨੂੰ ਮੁਫ਼ਤ ਕਿਰਾਏ ’ਤੇ ਰਿਹਾਇਸ਼, ਮਹੀਨਾਵਾਰ ਖਰਚੇ, ਵੱਖ-ਵੱਖ ਕਿੱਤਿਆਂ ਦੀ ਸਿਖਲਾਈ, ਸਿਹਤ ਬੀਮਾ ਦੇ ਕੇ ਤੇ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਮਦਦ ਕੀਤੀ ਜਾ ਰਹੀ ਹੈ।
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਆਖ਼ਰੀ ਜਥੇ ਦੀ ਆਮਦ ਸਬੰਧੀ ਉਹ ਵਿਦੇਸ਼ ਮੰਤਰਾਲੇ ਨਾਲ ਸੰਪਰਕ ਵਿੱਚ ਸੀ।
ਪਾਵਨ ਸਰੂਪ ਲਿਆਉਣ ਤੋਂ ਰੋਕਣ ਦਾ ਮਾਮਲਾ ਕੇਂਦਰ ਕੋਲ ਰੱਖੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅਫ਼ਗਾਨਿਸਤਾਨ ਵਿੱਚ ਫਸੇ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਨੂੰ ਆਪਣੇ ਨਾਲ ਪਾਵਨ ਸਰੂਪ ਲਿਆਉਣ ਤੋਂ ਰੋਕਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਸਾਹਮਣੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅੱਜ ਭਾਰਤ ਪੁੱਜੇ ਜਥੇ ਨਾਲ ਵੀ ਤਾਲੀਬਾਨ ਸਰਕਾਰ ਵੱਲੋਂ ਪਾਵਨ ਸਰੂਪ ਲਿਆਉਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਜਥਾ ਆਪਣੇ ਨਾਲ ਦੋ ਪਾਵਨ ਸਰੂਪ ਤੇ ਦੋ ਸੈਂਚੀਆਂ ਲਿਆਉਣਾ ਚਾਹੁੰਦਾ ਸੀ, ਪਰ ਤਾਲਿਬਾਨ ਸਰਕਾਰ ਦੇ ਨੁਮਾਇੰਦਿਆਂ ਨੇ ਸਿੱਖਾਂ ਨੂੰ ਇਹ ਸਰੂਪ ਨਹੀਂ ਲਿਆਉਣ ਦਿੱਤੇ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਭਾਰਤ ਪੁੱਜੇ ਜਥੇ ਨਾਲ ਵੀ ਇਹ ਪਾਵਨ ਸਰੂਪ ਲਿਆਉਣ ਤੋਂ ਰੋਕ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਉਹ ਪਾਵਨ ਸਰੂਪ ਭਾਰਤ ਲਿਆਉਣ ਤੋਂ ਰੋਕੇ ਜਾਣ ਦਾ ਇਹ ਮਾਮਲਾ ਕੇਂਦਰ ਸਰਕਾਰ ਕੋਲ ਰੱਖਣਗੇ। ਉਨ੍ਹਾਂ ਕਿਹਾ ਕਿ ਅਜੋਕੀ ਸਥਿਤੀ ਵਿੱਚ ਪਾਵਨ ਸਰੂਪ ਵੀ ਉੱਥੇ ਸੁਰੱਖਿਅਤ ਨਹੀਂ ਹਨ ਅਤੇ ਸਿੱਖਾਂ ਦੇ ਭਾਰਤ ਆਉਣ ਮਗਰੋਂ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਉਥੇ ਕੋਈ ਨਹੀਂ ਰਹੇਗਾ।