ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 25 ਜਨਵਰੀ
ਸਥਾਨਕ ਸਰਹਿੰਦੀ ਦਰਵਾਜ਼ੇ ਨੇੜੇ ਵੀਰਵਾਰ ਸ਼ਾਮ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਹੱਕ ’ਚ ਕਰਵਾਈ ਗਈ ਨੁੱਕੜ ਬੈਠਕ ਦੌਰਾਨ ਸਾਬਕਾ ਡੀਜੀਪੀ ਪੰਜਾਬ ਮੁਹੰਮਦ ਮੁਸਤਫ਼ਾ ਵੱਲੋਂ ਨਫ਼ਰਤ ਫੈਲਾਉਣ ਵਾਲਾ ਬਿਆਨ ਦਿੱਤਾ ਗਿਆ ਸੀ। ਇਸ ਸਬੰਧੀ ਸਥਾਨਕ ਥਾਣਾ ਸ਼ਹਿਰੀ-1 ਦੇ ਮੁਖੀ ਹਰਜਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਦਰਜ ਹੋਏ ਕੇਸ ਦੀ ਜਾਂਚ ਲਈ ਚਾਰ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਕੌਰ ਨੇ ਉਕਤ ਮਾਮਲੇ ਦੀ ਜਾਂਚ ਲਈ ਐੱਸਪੀ (ਡੀ) ਮਾਲੇਰਕੋਟਲਾ ਰਮਨੀਸ਼ ਚੌਧਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਜਿਸ ਵਿੱਚ ਡੀਐੱਸਪੀ (ਡੀ) ਮਾਲੇਰਕੋਟਲਾ ਸੌਰਭ ਜਿੰਦਲ, ਡੀਐੱਸਪੀ ਸਪੈਸ਼ਲ ਬਰਾਂਚ ਗੁਰਪ੍ਰੀਤ ਸਿੰਘ ਤੇ ਇੰਚਾਰਜ ਸੀਈਏ ਸਟਾਫ਼ ਮਾਹੋਰਾਣਾ ਗੁਰਪ੍ਰੀਤ ਸਿੰਘ ਭਿੰਡਰ ਸ਼ਾਮਲ ਹਨ।