ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੁਲਾਈ
ਪੰਜਾਬ ਸਰਕਾਰ ਵੱਲੋਂ ਘੱਗਰ ਅਤੇ ਬੁੱਢੇ ਨਾਲੇ ਦੇ ਗੰਦੇ ਪਾਣੀ ਜਾਂਚ ਲਈ ਅੱਠ ਵਿਧਾਇਕਾਂ ਦੀ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਦਲਜੀਤ ਸਿੰਘ ਭੋਲਾ ਨੂੰ ਬਣਾਇਆ ਗਿਆ ਹੈ। ਇਸ ਕਮੇਟੀ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਵਰਿੰਦਰ ਕੁਮਾਰ ਗੋਇਲ, ਵਿਧਾਇਕ ਗੁਰਪ੍ਰੀਤ ਸਿੰਘ ਮੁੰਡੀਆਂ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਸੰਦੀਪ ਜਾਖੜ, ਵਿਧਾਇਕ ਮਦਨ ਲਾਲ ਬੱਗਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮੈਂਬਰ ਲਿਆ ਗਿਆ ਹੈ। ਇਸ ਕਮੇਟੀ ਨੂੰ ਗਠਨ ਕਰਨ ਦਾ ਅਧਿਕਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਵੱਲੋਂ 25 ਜੁਲਾਈ ਨੂੰ ਪੱਤਰ ਨੰਬਰ: 10337 ਤਹਿਤ ਬਣਾਈ ਕਮੇਟੀ ਦੇ ਮੈਂਬਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਐਸਏਐਸ ਨਗਰ, ਪਟਿਆਲਾ, ਸੰਗਰੂਰ ਅਤੇ ਮਾਨਸਾ ’ਚੋਂ ਲੰਘ ਕੇ ਹਰਿਆਣਾ ਰਾਹੀਂ ਰਾਜਸਥਾਨ ਜਾਣ ਵਾਲੇ ਘੱਗਰ ਵਿੱਚ ਗੰਦੇ ਪਾਣੀ ਦੀ ਵੱਡੀ ਸਮੱਸਿਆ ਹੈ। ਇਸੇ ਤਰ੍ਹਾਂ ਦਾ ਸਵਾਲ ਲੁਧਿਆਣਾ ਦੇ ਬੁੱਢੇ ਨਾਲੇ ਸਬੰਧੀ ਲੁਧਿਆਣਾ (ਈਸਟ) ਦੇ ਵਿਧਾਇਕ ਦਲਜੀਤ ਸਿੰਘ ਭੋਲਾ ਵੱਲੋਂ ਉਠਾਇਆ ਗਿਆ ਸੀ। ਵਿਧਾਨ ਸਭਾ ਵਿੱਚ ਘੱਗਰ ਅਤੇ ਬੁੱਢੇ ਨਾਲੇ ਸਬੰਧੀ ਸਵਾਲ ਉੱਠਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਇਸ ਕਮੇਟੀ ਦਾ ਗਠਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਦੇਸ਼ ਕੀਤੇ ਗਏ ਸਨ।