ਚੰਡੀਗੜ੍ਹ: ਆਪਣੀ ਕਿਸਮ ਦੇ ਇੱਕ ਪਹਿਲੇ ਅਧਿਐਨ ’ਚ ਪੰਜਾਬ ਅਤੇ ਦਿੱਲੀ ਦੇ 10 ’ਚੋਂ 9 ਬੱਚਿਆਂ ’ਚ ਉਨ੍ਹਾਂ ਦੇ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਜੀਵਨ ਸ਼ੈਲੀ ਦੀ ਘਾਟ ਦੇਖਣ ਨੂੰ ਮਿਲੀ ਹੈ। ਦਿਲ ਦੇ ਰੋਗਾਂ ਦੇ ਮਾਹਿਰ ਰਜਨੀਸ਼ ਕਪੂਰ ਵੱਲੋਂ ਇਸ ਅਧਿਐਨ ਤਹਿਤ 5 ਤੋਂ 18 ਸਾਲਾਂ ਦੇ 3,200 ਬੱਚਿਆਂ ਦਾ ਨਿਰੀਖਣ ਕੀਤਾ ਗਿਆ ਸੀ। ਸ੍ਰੀ ਕਪੂਰ ਨੇ ਦੱਸਿਆ ਕਿ ਹਰ ਬੱਚੇ ਤੋਂ ਪੁੱਛੇ ਗਏ ਸਵਾਲਾਂ ਦੇ ਜੁਆਬਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਇੱਕ ਸਕੋਰ ਦਿੱਤਾ ਗਿਆ। ਅਧਿਐਨ ਦੌਰਾਨ ਉਨ੍ਹਾਂ ਤੋਂ ਸਰੀਰਕ ਭਾਰ, ਸਰੀਰਕ ਗਤੀਵਿਧੀ, ਸੌਣ ਦੇ ਸਮੇਂ, ਨੀਂਦ ਦੇ ਘੰਟਿਆਂ, ਖਾਣ-ਪੀਣ ਦੀਆਂ ਆਦਤਾਂ ਤੇ ਨਸ਼ਿਆਂ ਦੇ ਸੇਵਨ ਆਦਿ ਬਾਰੇ ਇੱਕ ਪ੍ਰਸ਼ਨਾਵਲੀ ਦੇ ਜੁਆਬ ਦੇਣ ਲਈ ਕਿਹਾ ਗਿਆ ਸੀ। ਇਸ ਪ੍ਰਸ਼ਨਾਵਲੀ ’ਚੋਂ ਵੱਧ ਤੋਂ ਵੱਧ ਪ੍ਰਾਪਤ ਕੀਤੇ ਜਾ ਸਕਣ ਵਾਲੇ ਅੰਕ 100 ਨਿਰਧਾਰਤ ਕੀਤੇ ਗਏ ਸਨ। ਰਜਨੀਸ਼ ਕੁਮਾਰ ਨੇ ਦੱਸਿਆ ਕਿ 40 ਤੋਂ ਘੱਟ ਸਕੋਰ ਹਾਸਲ ਕਰਨ ਵਾਲੇ ਵਰਗ ਨੂੰ ਚਿੰਤਾਜਨਕ ਮੰਨਿਆ ਗਿਆ, ਜਿਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਜਲਦ ਤੋਂ ਜਲਦ ਬਦਲਾਅ ਲਿਆਉਣ ਦਾ ਸੁਝਾਅ ਦਿੱਤਾ ਗਿਆ। ਇਸ ਦੌਰਾਨ 70 ਤੋਂ 100 ਸਕੋਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਿਹਤਮੰਦ ਮੰਨਿਆ ਗਿਆ ਜਦਕਿ 40 ਤੋਂ 70 ਸਕੋਰ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਧਾਰਨ ਬਦਲਾਅ ਲਿਆਉਣ ਦਾ ਸੁਝਾਅ ਦਿੱਤਾ ਗਿਆ। -ਆਈਏਐੱਨਐੱਸ