ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਵਿਦੇਸ਼ੀ ਕੋਲਾ ਮਾਮਲੇ’ ਵਿੱਚ ਨਿੱਜੀ ਥਰਮਲ ਪਲਾਂਟ ਨੂੰ 550 ਕਰੋੜ ਰੁਪਏ ਦੀ ਅਦਾਇਗੀ ਦਾ ਹੁਕਮ ਸਰਕਾਰ ਦੀ ਨਾਲਾਇਕੀ ਅਤੇ ਇੱਕਪਾਸੜ ਬਿਜਲੀ ਸਮਝੌਤਿਆਂ ਦਾ ਨਤੀਜਾ ਹੈ। ਪਿਛਲੀ ਬਾਦਲ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਸਮਝੌਤੇ ਕੀਤੇ ਸਨ, ਜਿਸ ਕਾਰਨ ਲੋਕਾਂ ਦੀਆਂ ਜੇਬਾਂ ’ਤੇ 5,500 ਕਰੋੜ ਤੋਂ ਵੱਧ ਦਾ ਵਿੱਤੀ ਬੋਝ ਪੈ ਚੁੱਕਾ ਹੈ। ਹੁਣ 550 ਕਰੋੜ ਰੁਪਏ ਹੋਰ ਲੁੱਟੇ ਜਾ ਰਹੇ ਹਨ। ‘ਆਪ’ ਆਗੂ ਨੇ ਕਾਂਗਰਸ ਤੋਂ ਬਿਜਲੀ ਸਮਝੌਤੇ ਤੁਰੰਤ ਰੱਦ ਕਰਨ ਅਤੇ ਪੰਜਾਬ ਸਰਕਾਰ ਵਿਰੁੱਧ ਜਾਂਦੇ ਸਾਰੇ ਕੇਸ ਹਾਰ ਕੇ ਨਵਾਂ ਰਿਕਾਰਡ ਬਣਾਉਣ ਵਾਲੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਕਿਸੇ ਵੀ ਤਰ੍ਹਾਂ ਦਾ ਲੋਕ ਵਿਰੋਧੀ ਸਮਝੌਤਾ ਨਹੀਂ ਕੀਤਾ ਜਾਵੇਗਾ।