ਚਰਨਜੀਤ ਭੁੱਲਰ
ਚੰਡੀਗੜ੍ਹ, 18 ਫਰਵਰੀ
ਪੰਜਾਬ ’ਚ ਭਾਜਪਾ ਨੂੰ ਖੇਤੀ ਕਾਨੂੰਨਾਂ ਦਾ ਏਨਾ ਸੇਕ ਲੱਗਾ ਹੈ ਕਿ ਭਾਜਪਾ ਦੇ ਬਹੁਤੇ ਉਮੀਦਵਾਰ ਤਾਂ ‘ਨੋਟਾ’ ਤੋਂ ਵੀ ਪਿੱਛੇ ਰਹਿ ਗਏ। ਡੇਢ ਦਰਜਨ ਦੇ ਕਰੀਬ ਨਗਰ ਕੌਂਸਲਾਂ ’ਚ ਭਾਜਪਾ ਦੇ ਔਸਤਨ ਇੱਕਾ-ਦੁੱਕਾ ਉਮੀਦਵਾਰ ‘ਨੋਟਾ’ ਤੋਂ ਵੀ ਪਛੜੇ ਹਨ। ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ ਦੋ ’ਚ ਭਾਜਪਾ ਉਮੀਦਵਾਰ ਰਾਜੂ ਸਿੰਘ ਨੂੰ 9 ਵੋਟਾਂ ਮਿਲੀਆਂ ਹਨ ਜਦਕਿ ‘ਨੋਟਾ’ ਨੂੰ 15 ਵੋਟਾਂ ਪਈਆਂ। ਇੱਥੇ ਵਾਰਡ ਨੰਬਰ 23 ’ਚ ‘ਨੋਟਾ’ ਨਾਲੋਂ ਭਾਜਪਾ ਉਮੀਦਵਾਰ ਦੋ ਵੋਟਾਂ ਨਾਲ ਅੱਗੇ ਰਿਹਾ।
ਪੰਜਾਬ ਭਰ ’ਚੋਂ ਭਾਜਪਾ ਨੂੰ ਸਿਰਫ 47 ਵਾਰਡਾਂ ’ਚ ਜਿੱਤ ਹਾਸਲ ਹੋਈ ਹੈ। ਪੰਜਾਬ ਦੇ ਦਸ ਜ਼ਿਲ੍ਹਿਆਂ ਵਿਚ ਤਾਂ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ, ਜਿਨ੍ਹਾਂ ਵਿਚ ਬਠਿੰਡਾ, ਅੰਮ੍ਰਿਤਸਰ, ਬਰਨਾਲਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਮੋਗਾ ਅਤੇ ਤਰਨ ਤਾਰਨ ਸ਼ਾਮਲ ਹਨ। ਭਾਜਪਾ ਨੂੰ ਜ਼ਿਲ੍ਹਾ ਫਰੀਦਕੋਟ, ਜਲੰਧਰ, ਨਵਾਂ ਸ਼ਹਿਰ ਅਤੇ ਮੁਕਤਸਰ ਵਿਚ ਕੇਵਲ ਇੱਕ ਇੱਕ ਸੀਟ ਹਾਸਲ ਹੋਈ ਹੈ।
ਦੱਸਣਯੋਗ ਹੈ ਕਿ ਅਗਲੀ ਵਿਧਾਨ ਸਭਾ ਚੋਣ ’ਚ ਭਾਜਪਾ ਤਰਫੋਂ 117 ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੋਇਆ ਹੈ। ਨਜ਼ਰ ਮਾਰੀਏ ਤਾਂ ਮੁਕਤਸਰ ਨਗਰ ਕੌਂਸਲ ਵਿਚ ਭਾਜਪਾ ਦਾ ਇੱਕ ਕੌਂਸਲਰ ਜੇਤੂ ਰਿਹਾ ਹੈ ਜਦੋਂ ਕਿ ਵਾਰਡ ਨੰਬਰ 4 ਵਿਚ ਭਾਜਪਾ ਉਮੀਦਵਾਰ ਨੂੰ 4 ਵੋਟਾਂ ਅਤੇ ‘ਨੋਟਾ’ ਨੂੰ 41 ਵੋਟਾਂ ਮਿਲੀਆਂ ਹਨ। ਮੁਕਤਸਰ ਵਿਚ ਅੱਧੀ ਦਰਜਨ ਵਾਰਡ ਅਜਿਹੇ ਹਨ ਜਿਥੇ ਭਾਜਪਾ ਉਮੀਦਵਾਰ ਤੋਂ ਜ਼ਿਆਦਾ ਵੋਟ ‘ਨੋਟਾ’ ਨੇ ਪ੍ਰਾਪਤ ਕੀਤੇ ਹਨ। ਨਗਰ ਨਿਗਮ ਬਠਿੰਡਾ ਦੇ ਦੋ ਵਾਰਡਾਂ ਵਿਚ ਵੀ ਏਦਾਂ ਹੀ ਹੋਇਆ ਹੈ।
ਬਠਿੰਡਾ ਨਿਗਮ ਦੇ ਵਾਰਡ ਨੰਬਰ 20 ਵਿਚ ਭਾਜਪਾ ਉਮੀਦਵਾਰ ਨੂੰ 18 ਅਤੇ ਨੋਟਾ ਨੂੰ 39 ਵੋਟ ਮਿਲੇ ਹਨ ਅਤੇ ਇਸੇ ਤਰ੍ਹਾਂ ਵਾਰਡ ਨੰਬਰ 10 ਵਿਚ ਭਾਜਪਾ ਉਮੀਦਵਾਰ ਰਾਜ ਨੂੰ 10 ਵੋਟਾਂ ਅਤੇ ਨੋਟਾ ਨੂੰ 21 ਵੋਟਾਂ ਮਿਲੀਆਂ ਹਨ। ਇੱਥੇ ਵਾਰਡ ਨੰਬਰ 20 ਅਤੇ ਵਾਰਡ ਨੰਬਰ 40 ਵਿਚ ‘ਕਮਲ’ ਅਤੇ ‘ਨੋਟਾ’ ਦਰਮਿਆਨ ਵੋਟਾਂ ਦਾ ਮਾਮੂਲੀ ਫਰਕ ਰਿਹਾ ਹੈ ਕਿਉਂਕਿ ਨੋਟਾ ਤੋਂ ਭਾਜਪਾ ਉਮੀਦਵਾਰ ਦੀਆਂ ਵੋਟਾਂ ’ਚ ਫਰਕ 3 ਤੋਂ 5 ਵੋਟਾਂ ਦਾ ਰਿਹਾ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਵਿਚ ਪੰਜ ਨਗਰ ਕੌਂਸਲਾਂ ਦੇ 67 ਵਾਰਡਾਂ ਚੋਂ ਸਿਰਫ 21 ਵਾਰਡਾਂ ਵਿਚ ਭਾਜਪਾ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇਨ੍ਹਾਂ 21 ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਨੂੰ 230 ਵੋਟਾਂ ਮਿਲੀਆਂ ਹਨ ਜਦੋਂ ਕਿ ‘ਨੋਟਾ’ ਨੂੰ 379 ਵੋਟਾਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੇ ਇਕਲੌਤੇ ਵਾਰਡ ਨੰਬਰ 37 ਦੀ ਚੋਣ ਵਿਚ ਭਾਜਪਾ ਉਮੀਦਵਾਰ ਨੂੰ 52 ਵੋਟਾਂ ਮਿਲੀਆਂ ਅਤੇ ‘ਨੋਟਾ’ ਨੂੰ 60 ਵੋਟਾਂ ਪ੍ਰਾਪਤ ਹੋਈਆਂ ਹਨ। ਰਾਮਾਂ ਨਗਰ ਕੌਂਸਲ ਦੇ ਵਾਰਡ ਨੰਬਰ 7 ਵਿਚ ਭਾਜਪਾ ਨੂੰ 8 ਅਤੇ ਨੋਟਾ ਨੂੰ 14 ਵੋਟਾਂ ਮਿਲੀਆਂ ਹਨ ਅਤੇ ਇਸੇ ਤਰ੍ਹਾਂ ਵਾਰਡ ਨੰਬਰ 14 ਵਿਚ ਭਾਜਪਾ ਨੂੰ ਅੱਠ ਅਤੇ ਨੋਟਾ ਨੂੰ 7 ਵੋਟਾਂ ਮਿਲੀਆਂ ਹਨ।
ਰਾਮਾਂ ਨਗਰ ਕੌਂਸਲ ਦੇ ਵਾਰਡ ਨੰਬਰ 12 ਵਿਚ ‘ਆਪ’ ਅਤੇ ਨੋਟਾ ਨੂੰ ਛੇ-ਛੇ ਵੋਟਾਂ ਮਿਲੀਆਂ ਹਨ ਜਦੋਂ ਕਿ ਨੋਟਾ ਨੂੰ ਅੱਠ ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤਰ੍ਹਾਂ ਦੇ ਹਾਲਾਤ ਭਾਜਪਾ ਦੇ ਦਰਜਨਾਂ ਨਗਰ ਕੌਂਸਲਾਂ ਵਿਚ ਬਣੇ ਹਨ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦਾ ਮੁੱਢ ਪੰਜਾਬ ਨੇ ਬੰਨਿਆ ਸੀ ਜਿਸ ਕਰਕੇ ਸਭ ਤੋਂ ਵੱਡਾ ਝਟਕਾ ਪੰਜਾਬ ਵਿਚ ਹੀ ਭਾਜਪਾ ਨੂੰ ਲੱਗਿਆ ਹੈ। ਈਵੀਐਮ ਮਸ਼ੀਨਾਂ ’ਤੇ ‘ਨਾਪਸੰਦਗੀ’ ਦੇ ਬਟਨ ਨੂੰ ਨੋਟਾ ਆਖਿਆ ਜਾਂਦਾ ਹੈ ਅਤੇ ਜਿਨ੍ਹਾਂ ਵੋਟਰਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੁੰਦਾ ਹੈ, ਉਸ ਵੱਲੋਂ ਨੋਟਾ ਦਾ ਬਟਨ ਦਬਾਇਆ ਜਾਂਦਾ ਹੈ।