ਗੁਰਿੰਦਰ ਸਿੰਘ
ਲੁਧਿਆਣਾ, 26 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ-ਬਸਪਾ ਗੱਠਜੋੜ ਸੱਤਾ ਵਿੱਚ ਆ ਕੇ ਇਕ ਕਮਿਸ਼ਨ ਬਣਾਏਗਾ ਜੋ ਪੰਜਾਬ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਤੱਕ ਕੀਤੇ ਜਾਣ ਬਾਰੇ ਸਾਰੇ ਫ਼ੈਸਲਿਆਂ ਦੀ ਜਾਂਚ ਕਰਵਾਏਗਾ। ਉਹ ਅੱਜ ਲੁਧਿਆਣਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਮੰਤਰੀਆਂ ਦਾ ਇਕੋ ਇਕ ਟੀਚਾ ਪੰਜਾਬ ਵਿੱਚ ਲੁੱਟ-ਖਸੁੱਟ ਕਰਨਾ ਹੈ, ਪਰ ਪੰਜਾਬ ਦੇ ਲੋਕ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਕੰਮ ਸੂਬੇ ਦੇ ਹਿੱਤਾਂ ਖ਼ਿਲਾਫ਼ ਕੀਤਾ ਜਾਵੇਗਾ, ਉਸ ਬਾਰੇ ਅਕਾਲੀ-ਬਸਪਾ ਗੱਠਜੋੜ ਪੜਤਾਲ ਕਰਵਾ ਕੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਅਫਸਰਸ਼ਾਹੀ ਨੂੰ ਵੀ ਤਾੜਨਾ ਕੀਤੀ ਕਿ ਉਹ ਸਰਕਾਰ ਦੇ ਪ੍ਰਭਾਵ ਹੇਠ ਆ ਕੇ ਕੋਈ ਵੀ ਅਜਿਹਾ ਕੰਮ ਨਾ ਕਰਨ, ਜਿਸ ਦਾ ਬਾਅਦ ਵਿੱਚ ਉਨ੍ਹਾਂ ਨੂੰ ਖ਼ਮਿਆਜ਼ਾ ਭੁਗਤਣਾ ਪਵੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਜਿਥੇ ਸੱਤਾ ਦੇ ਤਿੰਨ ਵੱਖ-ਵੱਖ ਕੇਂਦਰ ਹਨ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੁਝ ਕਹਿੰਦੀ ਹੈ, ਰਾਹੁਲ ਕੋਈ ਹੋਰ ਫ਼ੈਸਲਾ ਕਰਦੇ ਹਨ ਤੇ ਪ੍ਰਿਯੰਕਾ ਦੇ ਹੁਕਮ ਕੁਝ ਹੋਰ ਹੁੰਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਰਬੜ ਦੀ ਮੋਹਰ ਨਾ ਬਣਨ ਸਗੋਂ ਸਰਕਾਰੀ ਪੱਧਰ ’ਤੇ ਫ਼ੈਸਲੇ ਖ਼ੁਦ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੂ ਮਾਫ਼ੀਆ ਤੇ ਰੇਤ ਮਾਫ਼ੀਆ ਆਦਿ ਨੂੰ ਲਾਂਭੇ ਕਰਨ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਨੂੰ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਨੂੰ ਵੀ ਮੁੜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਉੱਪਰ ਸਰਕਾਰੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਤੋਂ ਇਲਾਵਾ ਧਨ ਇਕੱਠੇ ਕਰਨ ਦੇ ਦੋਸ਼ ਹਨ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਗੋਸ਼ਾ ਸਮੇਤ ਕਈ ਆਗੂ ਹਾਜ਼ਰ ਸਨ।