ਹਰਦੀਪ ਸਿੰਘ ਸੋਢੀ
ਧੂਰੀ, 11 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਜਿੱਥੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਦੀ ਆਪਣੇ ਹਲਕੇ ਵਿੱਚ ਗ਼ੈਰਹਾਜ਼ਰੀ ਕਾਰਨ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਅੱਜ ਸਥਾਨਕ ਸਨਾਤਨ ਧਰਮ ਸਭਾ ਆਸ਼ਰਮ ਵਿੱਚ ਪਾਰਟੀ ਦੇ ਵਿਧਾਇਕਾਂ ਦੀ ਵਰਕਰਾਂ ਨਾਲ ਰੱਖੀ ਚੋਣ ਮੀਟਿੰਗ ਵਿੱਚ ‘ਆਪ’ ਵਰਕਰਾਂ ਨੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ। ਸੂਤਰਾਂ ਅਨੁਸਾਰ ਅੱਜ ‘ਆਪ’ ਵਰਕਰਾਂ ਦੀ ਚੋਣ ਮੀਟਿੰਗ ਵਿੱਚ ਵਿਧਾਇਕ ਦਲਵੀਰ ਸਿੰਘ ਟੌਂਗ, ਸ਼ੀਤਲ ਅੰਗੁਰਾਲ, ਏਡੀਸੀ ਜਸਵਿੰਦਰ ਸਿੰਘ, ਮਾਸਟਰ ਜਗਸੀਰ ਸਿੰਘ, ਜਸਵੰਤ ਸਿੰਘ ਗੱਜਣਮਾਜਰਾ ਤੇ ਸੰਤੋਸ਼ ਕਟਾਰੀਆ ਨੇ ਸ਼ਿਰਕਤ ਕਰਦਿਆਂ ਵਰਕਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਪਾਰਟੀ ਵਰਕਰਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ‘ਆਪ’ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਵੀ ਸਰਕਾਰੇ-ਦਰਬਾਰੇ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਵਰਕਰਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਸਥਾਨਕ ਦਫ਼ਤਰ ਵਿੱਚ ਵੀ ਕਿਸੇ ਬਾਹਰਲੇ ਆਗੂ ਦੀ ਥਾਂ ਸਥਾਨਕ ਆਗੂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਹਲਕੇ ਵਿੱਚੋਂ ਲਗਾਤਾਰ ਬਣੀ ਹੋਈ ਗ਼ੈਰ-ਹਾਜ਼ਰੀ ਕਰਕੇ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਮਗਰੋਂ ਸੂਬੇ ਦੀ ਸਿਆਸਤ ਦਾ ਧੁਰਾ ਹਲਕਾ ਧੂਰੀ ਬਣੇਗਾ, ਪਰ ਉਨ੍ਹਾਂ ਨੂੰ ਰੋਸ ਹੈ ਕਿ ਤਿੰਨ ਮਹੀਨੇ ਬੀਤਣ ’ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਲਈ ਸਮਾਂ ਨਹੀਂ ਕੱਢਿਆ।