ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਨਿਊ ਅੰਮ੍ਰਿਤਸਰ ਵਿੱਚ ਪਾਰਟੀ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਐੱਨ.ਡੀ.ਡੀ.ਬੀ. ਵੱਲੋਂ ਸਰਕਾਰ ਨੂੰ ਸੂਬੇ ਵਿੱਚ ਲਗਪਗ 900 ਕਰੋੜ ਰੁਪਏ ਦੀ ਲਾਗਤ ਵਾਲੇ 12 ਮਿਲਕ ਪਲਾਂਟ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਅਤੇ ਤਕਨੀਕੀ ਸਹਿਯੋਗ ਦਿੱਤਾ ਜਾਵੇਗਾ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਛੇ ਹਜ਼ਾਰ ਪਿੰਡਾਂ ਨੂੰ ਕਵਰ ਕਰਨ ਲਈ ਪਹਿਲਾਂ ਹੀ 11 ਮਿਲਕ ਪਲਾਂਟ ਮੌਜੂਦ ਹਨ। ਇਸ ਕਦਮ ਨਾਲ ਪੰਜਾਬ ਵਿੱਚ ਮਿਲਕ ਪਲਾਂਟਾਂ ਦੀ ਗਿਣਤੀ 23 ਹੋ ਜਾਵੇਗੀ ਅਤੇ ਕੁੱਲ 12 ਹਜ਼ਾਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਬਾਰੇ ਸਿਖਲਾਈ ਦੇਣ ਲਈ, ਐੱਨ.ਡੀ.ਡੀ.ਬੀ ਨੇ ਇਕ ਸੰਸਥਾ ਸਥਾਪਤ ਕਰਨ ਵਾਸਤੇ ਵੀ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸਤਪਾਲ ਸੋਖੀ, ਰਵਿੰਦਰ ਸਿੰਘ ਸੁਲਤਾਨਵਿੰਡ, ਪਰਮਜੀਤ ਲਾਟੀ, ਰੋਹਿਤ ਖੰਨਾ ਅਤੇ ਹੋਰ ਹਾਜ਼ਰ ਸਨ।