ਪੱਤਰ ਪ੍ਰੇਰਕ
ਪਟਿਆਲਾ, 31 ਅਗਸਤ
ਪਟਿਆਲਾ ਮਲਟੀਪਰਪਜ਼ ਸਕੂਲ ਵਿਚ ਪਟਿਆਲਾ ਜ਼ੋਨ-1 ਦੇ ਜ਼ੋਨਲ ਸਕੱਤਰ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਏ ਜ਼ੋਨਲ ਪੱਧਰੀ ਟੂਰਨਾਮੈਂਟ ਵਿੱਚ ਕਬੱਡੀ ਦੇ ਅੰਡਰ-19 ਉਮਰ ਵਰਗ ਵਿਚ ਮੇਜ਼ਬਾਨ ਸਕੂਲ ਦੀ ਟੀਮ ਪਹਿਲੇ ਅਤੇ ਮਾਡਲ ਟਾਊਨ ਸਕੂਲ ਦੂਜੇ ਸਥਾਨ ’ਤੇ ਰਿਹਾ। ਵਾਲੀਬਾਲ (ਅੰਡਰ-14, ਲੜਕੇ) ਵਿੱਚ ਸਰਕਾਰੀ ਹਾਈ ਸਕੂਲ ਰਣਬੀਰਪੁਰਾ ਪਹਿਲੇ ਅਤੇ ਪੁਲੀਸ ਡੀਏਵੀ ਸਕੂਲ ਦਦਹੇੜਾ ਦੂਜੇ, ਅੰਡਰ-17 (ਲੜਕੇ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਈਨ ਸਕੂਲ ਪਟਿਆਲਾ ਪਹਿਲੇ ਤੇ ਮਲਟੀਪਰਪਜ਼ ਸਕੂਲ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਅੰਡਰ-19 ਵਿਚ ਮਲਟੀਪਰਪਜ਼ ਸਕੂਲ ਤੇ ਸਿਵਲ ਲਾਈਨ ਸਕੂਲ ਕ੍ਰਮਵਾਰ ਪਹਿਲੇ ਦੋ ਸਥਾਨਾਂ ’ਤੇ ਰਹੇ। ਕ੍ਰਿਕਟ ਅੰਡਰ-14 ਤੇ ਅੰਡਰ-17 ਸਾਲਾ (ਲੜਕੇ) ਵਿਚ ਮਲਟੀਪਰਪਜ਼ ਸਕੂਲ ਪਹਿਲੇ ਸਥਾਨ ’ਤੇ ਰਿਹਾ। ਰੱਸਾਕਸ਼ੀ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਪਹਿਲਾ ਸਥਾਨ ਕਲਿਆਣ ਸਕੂਲ ਨੇ ਹਾਸਲ ਕੀਤਾ।
ਗਤਕੇ ਦੇ ਮੁਕਾਬਲੇ ਕਰਵਾਏ
ਲਹਿਰਾਗਾਗਾ (ਪੱਤਰ ਪ੍ਰੇਰਕ): ਜ਼ੋਨ ਪੱਧਰੀ ਗਤਕੇ ਦੇ ਮੁਕਾਬਲੇ ਗੁਰੂ ਨਾਨਕ ਅਕੈਡਮੀ ਲਹਿਲ ਕਲਾਂ ਵਿੱਚ ਹੋਏ। ਇਸ ਵਿੱਚ ਸ਼ਾਸ਼ਤਰ ਪ੍ਰਦਰਸ਼ਨੀ ਵਿੱਚ ਗੁਰੂ ਨਾਨਕ ਅਕੈਡਮੀ ਲਹਿਲ ਕਲਾਂ ਅਤੇ ਭੂਟਾਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭੁਟਾਲ ਕਲਾਂ ਦੀਆਂ ਟੀਮਾਂ ਨੇ ਭਾਗ ਲਿਆ। ਗੁਰੂ ਨਾਨਕ ਅਕੈਡਮੀ ਲਹਿਲ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਤਨਾਮ ਸਰਬ ਕਲਿਆਣ ਟਸੱਸਟ ਚੰਡੀਗੜ੍ਹ ਵੱਲੋਂ ਸੁਖਵੀਰ ਸਿੰਘ ਹੀਰੋਂ ਕਲਾਂ ਅਤੇ ਹੋਰ ਮੈਂਬਰ ਸਹਬਿਾਨ ਹਾਜ਼ਰ ਹੋਏ। ਇਸ ਮੌਕੇ ਅਕੈਡਮੀ ਪ੍ਰਬੰਧਕ ਜਸਵਿੰਦਰ ਸਿੰਘ, ਬਲਦੇਵ ਸਿੰਘ ਗਹਿਲ, ਰਾਜਵਿੰਦਰ ਸਿੰਘ ਅਤੇ ਪ੍ਰਿੰਸੀਪਲ ਪਰਵੀਨ ਕੁਮਾਰ, ਜੱਸੀ ਬੰਗਾਂ ਕਬੱਡੀ ਕੋਚ, ਗੁਰਬਾਣੀ ਅਧਿਆਪਕ ਹਰਪਾਲ ਕੌਰ ਮੌਜੂਦ ਸਨ।
ਗੋਲਡਨ ਏਰਾ ਸਕੂਲ ਦੇ ਖਿਡਾਰੀ ਛਾਏ
ਸੰਦੌੜ (ਪੱਤਰ ਪ੍ਰੇਰਕ): ਜ਼ੋਨਲ ਪੱਧਰ ਦੀਆਂ ਖੇਡਾਂ ਵਿਚ ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਹਾਸਲ ਕੀਤੀਆਂ ਹਨ। ਸਕੂਲ ਦੇ ਸੌ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਸਕੂਲ ਦੇ ਡਾਇਰੈਕਟਰ ਭਗਵਾਨ ਸਿੰਘ ਗਿੱਲ, ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ ਅਤੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਨਿਸ਼ਾਨੇਬਾਜ਼ੀ ਵਿੱਚ ਅੱਠ, ਟੇਬਲ ਟੈਨਿਸ ਵਿੱਚ 20 ਅਤੇ ਕ੍ਰਿਕਟ ਵਿੱਚ ਪੰਜ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।