ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਜੁਲਾਈ
ਪਨਗ੍ਰੇਨ ਦੇ ਗੁਦਾਮਾਂ ਵਿੱਚ ਹੋਏ ਕਣਕ ਦੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ’ਚ ਨਾਮਜ਼ਦ ਆੜ੍ਹਤੀਆਂ ਦੀ ਅਗਾਊਂ ਜ਼ਮਾਨਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਚਾਰ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ ਇਕ ਇੰਸਪੈਕਟਰ ਨੂੰ ਦੋ ਵਾਰ ਦਿੱਤੇ 7 ਦਿਨਾਂ ਦੇ ਪੁਲੀਸ ਰਿਮਾਂਡ ਮਗਰੋਂ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
ਕੇਸ ਵਿੱਚ ਸ਼ਾਮਲ ਹੋਰ 3 ਅਧਿਕਾਰੀਆਂ ਵਿੱਚੋਂ 2 ਵਿਅਕਤੀਆਂ ਦੀਆਂ ਜ਼ਿਲ੍ਹਾ ਸੈਸ਼ਨ ਜੱਜ ਪਟਿਆਲਾ ਨੇ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖ਼ਾਰਜ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਹੁਣ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਜਾਣਾ ਪਵੇਗਾ। ਇਸੇ ਦੌਰਾਨ ਆਤਮ ਸਮਰਪਣ ਕਰਨ ਵਾਲੇ ਇੰਸਪੈਕਟਰ ਵੱਲੋਂ ਪੁੱਛ-ਗਿੱਛ ਦੌਰਾਨ ਜਿਹੜੇ ਸੱਤ ਆੜ੍ਹਤੀਆਂ ਦੇ ਨਾਮ ਲਏ ਸਨ, ਉਨ੍ਹਾਂ ਦੀ ਅਗਾਊਂ ਜ਼ਮਾਨਤ ਹੋ ਗਈ ਹੈ।
ਪਨਗ੍ਰੇਨ ਦੇ ਸਹਾਇਕ ਡਾਇਰੈਕਟਰ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਪਾਤੜਾਂ ਅਤੇ ਘੱਗਾ ਇਲਾਕੇ ਦੇ ਗੁਦਾਮਾਂ ਦੀ ਜਾਂਚ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਗਈ ਰਿਪੋਰਟ ’ਤੇ ਪਿਛਲੇ ਮਹੀਨੇ 21 ਜੂਨ ਨੂੰ ਸਹਾਇਕ ਫੂਡ ਸਪਲਾਈ ਅਫਸਰ ਮਨਜੀਤ ਸਿੰਘ ਤੇ ਪਨਗ੍ਰੇਨ ਦੇ ਤਿੰਨ ਇੰਸਪੈਕਟਰਾਂ ਮਨੋਜ ਮਿੱਤਲ, ਹਰਸ਼ ਸਿੰਗਲਾ ਅਤੇ ਤਲਵਿੰਦਰ ਸਿੰਘ ਬੇਦੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੰਸਪੈਕਟਰ ਮਨੋਜ ਮਿੱਤਲ ਪੁਲੀਸ ਕੋਲ ਆਤਮ ਸਮਰਪਣ ਕੀਤੇ ਜਾਣ ਮਗਰੋਂ ਪੁਲੀਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕਰਦਿਆਂ ਕਣਕ ਘਪਲੇ ਵਿੱਚ ਆੜ੍ਹਤੀ ਨਰਿੰਦਰ ਕੁਮਾਰ, ਜਸਪਾਲ ਕੁਮਾਰ, ਅੰਮ੍ਰਿਤ ਕਮੁਾਰ, ਅਮਿਤ ਜੈਨ, ਅਤੇ ਨਿਸ਼ਾਂਤ ਕੁਮਾਰ ਆਦਿ ਵੱਲੋਂ ਅਗਾਊਂ ਜ਼ਮਾਨਤ ਕਰਵਾਉਣ ਲਈ ਚਾਰਾਜੋਈ ਕੀਤੇ ਜਾਣ ਤੇ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਦੋਂ ਕਿ ਅਦਾਲਤ ਨੇ ਦੋ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਪੜਤਾਲੀਆ ਅਫ਼ਸਰ ਬੀਰਬਲ ਸ਼ਰਮਾ ਨੇ ਕਿਹਾ ਹੈ ਕਿ ਸਹਾਇਕ ਫੂਡ ਸਪਲਾਈ ਅਫਸਰ ਪਾਤੜਾਂ ਮਨਜੀਤ ਸਿੰਘ ਅਤੇ ਹਰਸ਼ ਕੁਮਾਰ ਵੱਲੋਂ ਲਾਈਆਂ ਗਈਆਂ ਅਗਾਊਂ ਜ਼ਮਾਨਤਾਂ ਦੀਆਂ ਅਰਜ਼ੀਆਂ ਸੈਸ਼ਨ ਕੋਰਟ ਪਟਿਆਲਾ ਨੇ ਖ਼ਾਰਜ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਨੂੰ ਫੜਨ ਲਈ ਇਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ’ਚ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 7 ਆੜ੍ਹਤੀਆਂ ਦੀ ਜ਼ਮਾਨਤ ਹੋ ਜਾਣ ਦਾ ਪਤਾ ਲੱਗਿਆ ਹੈ ਪਰ ਅਦਾਲਤ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ।