ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 31 ਜੁਲਾਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਊਧਮ ਸਿੰਘ ਦੇ 82ਵੇਂ ਸਹੀਦੀ ਦਿਵਸ ਨੂੰ ਸਮਰਪਿਤ ਵੈਬਿਨਾਰ ਕਰਵਾਇਆ ਗਿਆ। ਡਾ. ਸੁਰਿੰਦਰ ਧੰਜਲ, ਪ੍ਰੋਫੈਸਰ ਐਮਰੀਟਸ, ਥੋਮਸਨ ਰਿਵਰਜ ਯੂਨੀਵਰਸਿਟੀ, ਕੈਨੇਡਾ ਵੱਲੋਂ ਇਸ ਵੈਬਿਨਾਰ ਵਿਚ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ ਜੱਲ੍ਹਿਆਂ ਵਾਲੇ ਬਾਗ ਦੇ ਸਾਕੇ 13 ਅਪਰੈਲ 1919 ਤੋਂ 19 ਮਾਰਚ 1940 ਤਕ ਦੋ ਵਾਰ ਇੰਗਲੈਂਡ ਦੀ ਯਾਤਰਾ ਕੀਤੀ। ਇਸ ਸਮੇਂ ਦੌਰਾਨ ਉਸ ਨੇ ਆਪਣੀ ਅਸਲ ਪਹਿਚਾਣ ਨੂੰ ਛੁਪਾਉਂਦੇ ਹੋਏ ਲਗਪਗ ਡੇਢ ਤੋਂ ਦੋ ਦਰਜਨ ਨਾਮ ਬਦਲੇ। ਉਸ ਦਾ ਮੰਤਵ ਕੇਵਲ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣਾ ਹੀ ਨਹੀਂ ਸੀ ਸਗੋਂ ਭਾਰਤੀ ਜਨਤਾ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਦਿਵਾਉਣਾ ਆਦਿ ਸੀ।। ਉਨਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਊਧਮ ਸਿੰਘ ਦੀ ਸਹਾਦਤ ਨਾਲ ਸੰਬੰਧਤ ਇਤਹਾਸਕ ਸਰੋਤਾਂ ਦਾ ਮੁਲਾਂਕਣ ਕੀਤਾ ਜਾਵੇ ਅਤੇ ਉਸ ਦੇ ਜੀਵਨ ਨਾਲ ਸੰਬੰਧਤ ਨਿਸ਼ਾਨੀਆਂ, ਸਰੋਤਾਂ ਅਤੇ ਯਾਦਗਾਰਾਂ ਨੂੰ ਸੰਭਾਲ ਕੇ ਰੱਖਿਆ ਜਾਵੇ। ਵੈਬੀਨਾਰ ਨੂੰ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਇਦਰੀਸ, ਵੈਬੀਨਾਰ ਕੋਆਰਡੀਨੇਟਰ ਡਾ. ਬਲਰਾਜ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਬਲਵੀਰ ਸਿੰਘ ਸੰਧੂ ਹਾਜ਼ਰ ਸਨ।