ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੂਨ
ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਉਂਦਿਆਂ ਨਸ਼ਿਆਂ ਦੇ ਵਿਰੋਧ ‘ਚ ਸੈਮੀਨਾਰ ਕਰਵਾਇਆ। ਇਸ ਦੌਰਾਨ ਸਾਕੇਤ ਹਸਪਤਾਲ ਦੇ ਐਂਟੀ ਡਰੱਗ ਅਬਿਊਜ਼ ਕੋਆਰਡੀਨੇਟਰ ਪਰਮਿੰਦਰ ਮਨਚੰਦਾ, ਦਿੱਲੀ ਪਬਲਿਕ ਸਕੂਲ ਦੇ ਮੈਡੀਕਲ ਅਫ਼ਸਰ ਡਾ. ਰੀਸ਼ਿਮਾ ਕੋਹਲੀ, ਸੇਵਾ ਮੁਕਤ ਟ੍ਰੇਨਿੰਗ ਅਫ਼ਸਰ ਰੈੱਡ ਕਰਾਸ ਕਾਕਾ ਰਾਮ ਵਰਮਾ ਅਤੇ ਹਰਿਆਲੀ ਹਰਦੀਪ ਸਿੰਘ ਸਨੌਰ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਚਾਰ ਪੇਸ਼ ਕੀਤੇ ਤੇ ਨੁਕਸਾਨ ਬਾਰੇ ਜਾਗਰੂਕ ਕਰਵਾਇਆ। ਇਸ ਸਮੇਂ ਸਿਖਲਾਈ ਲੈ ਰਹੇ ਸਹਾਇਕ ਸੁਪਰਡੈਂਟਜ਼ ਜੇਲ੍ਹਜ਼ ਨੇ ਵੀ ਇਸ ਵਿਚਾਰ ਗੋਸ਼ਟੀ ਵਿੱਚ ਹਿੱਸਾ ਲਿਆ ਅਤੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਵਾਈਸ ਪ੍ਰਿੰਸੀਪਲ ਮੁਕੇਸ਼ ਸ਼ਰਮਾ ਨੇ ਕੀਤਾ।
ਸੰਦੌੜ (ਪੱਤਰ ਪ੍ਰੇਰਕ): ਮੁੱਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਦੀ ਅਗਵਾਈ ਹੇਠ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ‘ਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਡਾ. ਗੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।
ਪਾਤੜਾਂ (ਪੱਤਰ ਪ੍ਰੇਰਕ): ਵਿਸ਼ਵ ਪੱਧਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਾਂਝ ਗਲੋਬਲ ਫਾਊਂਡੇਸ਼ਨ ਵੱਲੋਂ ਪਾਤੜਾਂ ਸ਼ਹਿਰ ਦੇ ਮਜ਼ਦੂਰ ਚੌਕ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਤੋਂ ਇਲਾਵਾ ਪਾਤੜਾਂ ਪੁਲੀਸ ਵੱਲੋਂ ਥਾਣਾ ਮੁਖੀ ਪਾਤੜਾਂ ਦੇ ਰਣਬੀਰ ਸਿੰਘ ਦੀ ਅਗਵਾਈ ਵਿੱਚ ਸਾਈਕਲ ਮਾਰਚ ਕੀਤਾ ਗਿਆ। ਸਾਂਝ ਗਲੋਬਲ ਫਾਊਂਡੇਸ਼ਨ ਆਗੂ ਗੁਰਪਿਆਰ ਸਿੰਘ ਦਿਉਗੜ੍ਹ ਨੇ ਹਾਜ਼ਰ ਮਜ਼ਦੂਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਾ ਛੱਡਣ ਲਈ ਨਸ਼ਾ ਮੁਕਤ ਕੇਂਦਰ ਸਬੰਧੀ ਜਾਣੂ ਕਰਵਾਇਆ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਕਰਵਾਏ ਸਮਾਗਮਾਂ ਵਿੱਚ ਨਸ਼ਿਆਂ ਨਾਲ ਹੋਣ ਵਾਲੇ ਜਾਨਲੇਵਾ ਨੁਕਸਾਨਾਂ ਦੀ ਪੜਚੋਲ ਕੀਤੀ ਗਈ। ਸਥਾਨਕ ਰੋਟਰੀ ਕਲੱਬ ਦੇ ਸਮਾਗਮ ਦੀ ਪ੍ਰਧਾਨਗੀ ਰੋਟੇਰੀਅਨ ਤਰਸੇਮ ਗਰਗ ਨੇ ਕੀਤੀ ਤੇ ਡੀਐੱਸਪੀ ਅਹਿਮਦਗੜ੍ਹ ਸੰਦੀਪ ਵਡੇਰਾ ਮੁੱਖ ਮਹਿਮਾਨ ਸਨ। ਸਮਾਗਮ ਦੇ ਕਨਵੀਨਰ ਅਤੇ ਸਕੱਤਰ ਵੇਨੂੰ ਗੋਪਾਲ ਸ਼ਰਮਾ ਨੇ ਦੱਸਿਆ ਕਿ ਇੱਥੋਂ ਦੇ ਕੁੱਝ ਸਮਾਜ ਸੇਵੀ ਸੰਗਠਨਾਂ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਨਸ਼ਿਆਂ ਦੇ ਘਾਤਕ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਭਵਿੱਖ ਵਿੱਚ ਵੀ ਚੱਲਦਾ ਰੱਖਣ ਦਾ ਅਹਿਦ ਕੀਤਾ ਗਿਆ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਅੱਜ ਸਬ ਡਿਵੀਜ਼ਨ ਪੁਲੀਸ ਨੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮੌਕੇ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਸੈਮੀਨਾਰ ਲਾਇਆ। ਇਸ ’ਚ ਸਮਾਜ ਸੇਵੀ ਜਥੇਬੰਦੀਆਂ, ਪੰਚਾਇਤਾਂ, ਕੌਂਸਲਰਾਂ ਤੇ ਸ਼ਹਿਰੀਆਂ ਨੇ ਹਿੱਸਾ ਲਿਆ। ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਪਿੰਡ ਅਲੀਸ਼ੇਰ, ਆਲਮਪੁਰ, ਸੰਗਤੀਵਾਲਾ,ਅੜਕਵਾਸ, ਚੰਗਾਲੀਵਾਲਾ ਤੇ ਲਹਿਰਾਗਾਗਾ ਦੇ ਵਾਰਡ 4-5-6 ਨੂੰ ਨਸ਼ਾ ਮੁਕਤ ਐਲਾਨਿਆ ਗਿਆ। ਐੱਸਐੱਚਓ ਸਦਰ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਆਪਣੇ ਪੂਰਨ ਇਲਾਕੇ ਨੂੰ ਨਸ਼ੇ ਵਿਰੋਧੀ ਸਿਰਜਣ ਲਈ ਦਿਨ ਰਾਤ ਕੰਮ ਕਰ ਰਹੀ ਹੈ।