ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੂਨ
ਸਾਢੇ ਸੱਤ ਦਹਾਕਿਆਂ ਤੋਂ ਹਰ ਵਾਰ ਚੋਣਾਂ ਬੇਰੁਜ਼ਗਾਰੀ ਖ਼ਤਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ’ਤੇ ਲੜੀਆਂ ਜਾਂਦੀਆਂ ਹਨ। ਜਿੱਤ ਪਿਛੋਂ ਸਿਆਸੀ ਲੋਕ ਬੇਰੁਜ਼ਗਾਰ ਨੌਜਵਾਨਾਂ ਦੀ ਸਾਰ ਨਹੀਂ ਲੈਂਦੇ, ਜਿਸ ਕਾਰਨ ਨੌਜਵਾਨ ਆਪਣੇ ਆਪ ਨੂੰ ਲੁੱਟੇ-ਲੁੱਟੇ ਮਹਿਸੂਸ ਕਰਨ ਲੱਗ ਪੈਂਦੇ ਹਨ।
ਸਰਕਾਰਾਂ ਤੋਂ ਅੱਕੇ ਹੋਏ ਕੁਝ ਬੇਰੁਜ਼ਗਾਰ ਨੌਜਵਾਨ ਅੱਜ-ਕੱਲ੍ਹ ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨ ਲਈ ਕੋਈ ਨਾ ਕੋਈ ਜੁਗਾੜ ਲਾ ਰਹੇ ਹਨ। ਪਿੰਡ ਸ਼ੁਤਰਾਣਾ ਵਿੱਚ ਆਪਣਾ ਮੋਟਰਸਾਈਕਲ ਵਿਚਾਲਿਓਂ ਵਢਵਾ ਕੇ ਉਸ ’ਤੇ ਲੱਕੜ ਦਾ ਰੇਹੜੀਨੁਮਾ ‘ਜੁਗਾੜ’ ਲਾਉਣ ਵਾਲੇ ਮਿਸਤਰੀ ਲਖਵਿੰਦਰ ਸਿੰਘ ਨੇ ਦਸਿਆ ਕਿ ਉਹ ਪੜ੍ਹ-ਲਿਖ ਕੇ ਨੌਕਰੀ ਦੀ ਤਲਾਸ਼ ਕਰਦਾ ਰਿਹਾ ਪਰ ਕਿਧਰੇ ਕੋਈ ਨੌਕਰੀ ਨਹੀਂ ਮਿਲੀ। ਉਹ ਕੰਬਾਈਨ ਤੇ ਡਰਾਈਵਰ ਦਾ ਕੰਮ ਕਰਦਾ ਹੈ ਤੇ ਸੀਜ਼ਨ ਲਗਾ ਕੇ ਉਸ ਨੇ ਜੋ ਕਮਾਇਆ ਸੀ, ਉਹ ਖ਼ਰਚ ਹੋ ਗਿਆ ਹੈ। ਹੁਣ ਉਸ ਕੋਲ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਹੀਂ। ਉਸ ਨੇ ਆਪਣੇ ਮੋਟਰਸਾਈਕਲ ਨੂੰ ਵਿਚਾਲਿਓਂ ਕਟਵਾ ਕੇ ਉੱਤੇ ਰੇਹੜੀ ਲਾ ਕੇ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ ਹੈ।
ਉਸ ਨੇ ਦੱਸਿਆ ਕਿ ਹੁਣ ਉਹ ਛੋਟੇ ਮੋਟੇ ਸਾਮਾਨ ਦੀ ਢੋਆ-ਢੁਆਈ ਕਰਿਆ ਕਰੇਗਾ ਕਿਉਂਕਿ ਵੱਡਾ ਸਾਧਨ ਲੈਣ ਲਈ ਉਸ ਲਈ ਅਸੰਭਵ ਸੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰਾਂ ’ਤੇ ਟੇਕ ਰੱਖਣ ਦੀ ਥਾਂ ਖੁਦ ਹੀ ਰੁਜ਼ਗਾਰ ਪੈਦਾ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕੀਤਾ ਜਾਵੇ।