ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਅਗਸਤ
ਪਿੰਡ ਸ਼ੁਤਰਾਣਾ ਵਿੱਚ ਪਾਲਤੂ ਕੁੱਤੇ ਦੇ ਗੁਆਂਢੀਆਂ ਦੇ ਘਰ ਚਲੇ ਜਾਣ ਮਗਰੋਂ ਹੋਏ ਝਗੜੇ ਨੇ ਲੜਾਈ ਦਾ ਰੂਪ ਧਾਰ ਲਿਆ। ਇਸ ਘਟਨਾ ਨੂੰ ਲੈ ਕੇ ਰਾਤ ਸਮੇਂ ਗਾਲੀ ਗਲੋਚ ਦੇ ਨਾਲ ਨਾਲ ਦੋ ਧਿਰਾਂ ਵਿਚਾਲੇ ਇੱਟਾਂ ਰੋੜਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਇਸ ਪਥਰਾਅ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਘਰ ਤੋਂ ਬਾਹਰ ਖੜ੍ਹੇ ਮੋਟਰਸਾਈਕਲਾਂ ਵਿੱਚੋਂ ਇਕ ਨੂੰ ਅੱਗ ਲਗਾ ਦਿੱਤੀ ਗਈ ਅਤੇ ਦੂਜੇ ਦੀ ਭੰਨ-ਤੋੜ ਕੀਤੀ ਗਈ। ਜ਼ਖ਼ਮੀਆਂ ਦੇ ਬਿਆਨ ਲੈ ਕੇ ਪੁਲੀਸ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਸਰਕਾਰੀ ਹਸਪਤਾਲ ਪਾਤੜਾਂ ਵਿੱਚ ਜ਼ੇਰੇ ਇਲਾਜ ਭਿੰਦਰ ਰਾਮ ਵਾਸੀ ਸ਼ੁਤਰਾਣਾ ਨੇ ਦੱਸਿਆ ਕਿ ਉਹ ਪਾਤੜਾਂ ਵਿੱਚ ਕਾਰੋਬਾਰ ਕਰਦਾ ਹੈ ਬੀਤੀ ਰਾਤ ਕੋਈ ਸਾਧਨ ਨਾ ਹੋਣ ਕਾਰਨ ਇੱਕ ਵਿਅਕਤੀ ਉਨ੍ਹਾਂ ਨੂੰ ਮੋੋਟਰਸਾਈਕਲ ਉੱਤੇ ਘਰ ਛੱਡਣ ਗਿਆ ਸੀ ਉਸ ਦਾ ਮੋਟਰਸਾਈਕਲ ਬਾਹਰ ਗਲੀ ਵਿੱਚ ਖੜ੍ਹਾ ਸੀ। ਗਲੀ ਦੇ ਦੁੂਜੇ ਪਾਸੇ ਰਹਿੰਦੇ ਘਰ ਵਾਲਿਆਂ ਨੇ ਕਈ ਵਿਅਕਤੀ ਸੱਦ ਕੇ ਉਨ੍ਹਾਂ ਦੇ ਘਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਘਰ ਅੰਦਰ ਦਾਖਲ ਹੋਏ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦਰਵਾਜ਼ੇ ਬੰਦ ਕਰਕੇ ਬੜੀ ਮੁਸ਼ਕਲ ਨਾਲ ਪਰਿਵਾਰਕ ਮੈਂਬਰਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਗਲੀ ਵਿੱਚ ਖੜ੍ਹੇ ਇਕ ਮੋਟਰਸਾਇਕਲ ਨੂੰ ਥੋੜ੍ਹੀ ਦੂਰ ਲਿਜਾ ਕੇ ਅੱਗ ਲਾ ਦਿੱਤੀ ਅਤੇ ਦੂਜੇ ਮੋਟਰਸਾਈਕਲ ਦੀ ਕਾਫੀ ਭੰਨ ਤੋੜ ਕੀਤੀ। ਇਸੇ ਦੌਰਾਨ ਲੱਛਮੀ ਦੇਵੀ ਨੇ ਦੱਸਿਆ ਕਿ ਦਿਨੇ ਕਰੀਬ 5 ਵਜੇ ਉਨ੍ਹਾਂ ਦਾ ਛੋਟਾ ਜਿਹਾ ਪਾਲਤੂ ਕੁੱਤਾ ਗੁਆਂਢੀਆਂ ਦੇ ਘਰ ਚਲਾ ਗਿਆ ਸੀ ਜਦੋਂ ਉਸ ਦੀ ਸੱਸ ਲੈਣ ਗਈ ਉਨ੍ਹਾਂ ਦੇ ਲੜਕੇ ਨੇ ਉਸ ਦੇ ਥੱਪੜ ਮਾਰੇ ਸਨ। ਉਨ੍ਹਾਂ ਇਨਸਾਫ਼ ਲਈ ਥਾਣੇ ਵਿੱਚ ਦਰਖਾਸਤ ਦਿੱਤੀ ਸੀ ਇਸ ਤੋਂ ਖਫਾ ਹੋ ਕੇ ਉਨ੍ਹਾਂ ਨੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੀੜਤ ਵਿਅਕਤੀਆਂ ਦੇ ਬਿਆਨ ਲੈ ਲਏ ਹਨ ਤੇ ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਦੂਜੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹੋਣ ਕਾਰਨ ਉਹ ਸਰਕਾਰੀ ਹਸਪਤਾਲ ਸਮਾਣਾ ਵਿੱਚ ਦਾਖ਼ਲ ਹਨ।