ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਧੁਨੀ ਨੂੰ ਭਾਰਤੀ ਸੰਕੇਤਕ ਭਾਸ਼ਾ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਟੂਲ ਚਾਂਚ ਕਰਦਿਆਂ ਉਪ-ਕੁਲਪਤੀ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਇਹ ਨਿਵੇਕਲਾ ਕਾਰਜ ਅਨੁਵਾਦ ਕਰਨ ਵਾਲੀਆਂ ਅਜਿਹੀਆਂ ਹੋਰ ਪ੍ਰਣਾਲੀਆਂ ਵਿਕਸਤ ਕਰਨ ਲਈ ਮਾਰਗ ਦਰਸ਼ਨ ਬਣੇਗਾ। ਉਨ੍ਹਾਂ ਦੱਸਿਆ ਕਿ ’ਵਰਸਿਟੀ ਨਾਲ ਜੁੜੀ ਸਮੱਗਰੀ ਨੂੰ ਭਾਰਤੀ ਸੰਕੇਤ ਭਾਸ਼ਾ ਵਿੱਚ ਬਦਲਣ ਪੱਖੋਂ ਇਹ ਪਲੇਠਾ ਕੰਮ ਹੈ ਜਿਸ ਦਾ ਮੁੱਖ ਉੁਦੇਸ਼ ਸੰਕੇਤਕ ਭਾਸ਼ਾ ਨੂੰ ਭਾਸ਼ਾਈ ਤੇ ਸਭਿਆਚਾਰਕ ਵਿਭਿੰਨਤਾ ਵਜੋਂ ਸੰਭਾਲਣਾ ਤੇ ਪਛਾਣਨਾ ਹੈ। ਸੰਕੇਤ ਭਾਸ਼ਾ ਦੀ ਅਧਿਆਪਿਕਾ ਰਵਿੰਦਰ ਕੌਰ ਦੀ ਮਦਦ ਨਾਲ਼ ਇਹ ਨਿਵੇਕਲਾ ਕਾਰਜ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਲੀਅਮਜੀਤ ਸਿੰਘ ਤੇ ਅਮਨਦੀਪ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਟੀਮ ਵੱਲੋਂ ਪਹਿਲਾਂ ਵੀ ਭਾਰਤੀ ਸੰਕੇਤਕ ਭਾਸ਼ਾ ਵਾਸਤੇ ਵੈੱਬ ਅਧਾਰਤ ਰਚਨਾਤਮਕ ਸਮੱਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਭਾਰਤੀ ਸੰਕੇਤਕ ਭਾਸ਼ਾ ਦੇ ਪ੍ਰਚਾਰ ਲਈ ਮੋਬਾਈਲ ਐੈਪਸ ਵੀ ਬਣਾਈਆਂ ਜਾ ਚੁੱਕੀਆਂ ਹਨ। ਤਾਜ਼ਾ ਕਾਰਜ ਪ੍ਰਣਾਲੀ ਦੀ ਵਿਸ਼ੇਸ਼ਤਾ ਸਬੰਧੀ ਡਾ. ਵਿਲੀਅਮਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਸੰਕੇਤਕ ਭਾਸ਼ਾ ’ਚ ਨਵੀਨਤਾਕਾਰੀ ਸਮੱਗਰੀ ਬਣਾਉਣ ਲਈ ਅਨੁਵਾਦ ਕੀਤਾ ਗਿਆ ਇਹ ਕੰਮ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੈ, ਜੋ ਸਾਡੇ ਸਮਾਜ ਨੂੰ ਸਭ ਦੇ ਹਿਤਾਂ ਦਾ ਖ਼ਿਆਲ ਰੱਖਣ ਵਾਲਾ ਤੇ ਪਹੁੰਚਯੋਗ ਬਣਾਉਣ ਲਈ ਜ਼ੋਰ ਦਿੰਦਾ ਹੈ। ਇਹ ਉੁਤਪਾਦ ਇੰਟਰਨੈਟ ਦੀ ਵਰਤੋਂ ਨਾਲ ਸਾਰਿਆਂ ਲਈ ਉਪਲਬਧ ਕਰਵਾਇਆ ਜਾਵੇਗਾ।