ਕਿਸਾਨਾਂ ਵੱਲੋਂ ਟਰੈਕਟਰ ਮਾਰਚ

26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਲਈ ਕੀਤੀ ਰਿਹਰਸਲ

ਕਿਸਾਨਾਂ ਵੱਲੋਂ ਟਰੈਕਟਰ ਮਾਰਚ

ਅਨਾਜ ਮੰਡੀ ਭਵਾਨੀਗੜ੍ਹ ਵਿੱਚ ਟਰੈਕਟਰ ਮਾਰਚ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਮੇਜਰ ਸਿੰਘ ਮੱਟਰਾਂ 

ਭਵਾਨੀਗੜ੍ਹ, 18 ਜਨਵਰੀ 

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਦਿੱਲੀ ਮੋਰਚੇ ਦੌਰਾਨ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨ ਸੈਂਕੜੇ ਟਰੈਕਟਰਾਂ ’ਤੇ ਸਵਾਰ ਹੋ ਕੇ ਇਸ ਮਾਰਚ ਵਿੱਚ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਰਣਧੀਰ ਸਿੰਘ ਭੱਟੀਵਾਲ, ਰਾਮ ਸਿੰਘ ਭਵਾਨੀਗੜ੍ਹ, ਦਲਬਾਰਾ ਸਿੰਘ, ਜੈਪਾਲ ਸਿੰਘ, ਮਾਸਟਰ ਜੋਗਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ 26 ਜਨਵਰੀ ਦਿੱਲੀ ਵਿੱਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਤਿਆਰੀ ਵਿੱਚ ਰਿਹਰਸਲ ਵਜੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਹੁਣ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਕਿਸਾਨਾਂ ਦੇ ਕਾਫਲੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਮਾਰਚ ਵਿੱਚ ਸ਼ਾਮਲ ਵਿਦਿਆਰਥਣ ਅਰਸ਼ਪ੍ਰੀਤ ਕੌਰ ਘਰਾਚੋਂ ਦੀ ਕਿਸਾਨਾਂ ਸਬੰਧੀ ਬਹੁਤ ਹੀ ਭਾਵਪੂਰਤ ਤਕਰੀਰ ਸੁਣਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਭਵਾਨੀਗੜ੍ਹ ਦੀਆਂ ਔਰਤਾਂ ਨੇ ਮੋਦੀ ਸਰਕਾਰ ਨੂੰ ਬੋਲੀਆਂ ਰਾਹੀਂ ਫਿੱਟ ਲਾਹਨਤਾਂ ਵੀ ਪਾਈਆਂ। ਇਹ ਟਰੈਕਟਰ ਮਾਰਚ ਅਨਾਜ ਮੰਡੀ, ਨੈਸ਼ਨਲ ਹਾਈਵੇਅ, ਮੁੱਖ ਬਾਜ਼ਾਰ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਬਾਲਦ ਕੈਂਚੀਆਂ ਤੇ ਆਲੋਅਰਖ ਬੱਸ ਅੱਡੇ ਤੇ ਹੁੰਦਾ ਹੋਇਆ ਟੌਲ ਪਲਾਜ਼ਾ ਮਾਝੀ ਵਿੱਚ ਸਮਾਪਤ ਹੋਇਆ। ਇਸ ਮੌਕੇ ਭਰਪੂਰ ਸਿੰਘ ਥੰਮਣਸਿੰਘਵਾਲਾ, ਗੁਰਤੇਜ ਸਿੰਘ, ਦੀਦਾਰ ਸਿੰਘ ਭਵਾਨੀਗੜ੍ਹ, ਭੀਮ ਸਿੰਘ, ਬੰਟੀ ਗਰਗ ਅਤੇ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਕਿਸਾਨ ਬੀਬੀਆਂ ਹਾਜ਼ਰ ਸਨ।

ਦਿੱਲੀ ਪਰੇਡ ਲਈ ਕਿਸਾਨ ਜਥੇਬੰਦੀਆਂ ਪੱਬਾਂ ਭਾਰ

ਪਾਤੜਾਂ  (ਗੁਰਨਾਮ ਸਿੰਘ ਚੌਹਾਨ) ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ਜਾਰੀ ਹੈ। ਜਥੇਬੰਦੀਆਂ ਨੇ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ’ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਅਨੋਖੇ ਪ੍ਰਦਰਸ਼ਨ ਲਈ  ਸੰਘਰਸ਼ੀ ਜਥੇਬੰਦੀਆਂ ਵੱਧ ਤੋਂ ਵੱਧ ਇਕੱਠ ਜੁਟਾਉਣ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ। ਟਰੈਕਟਰ ਨਾਲ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿੰਡਾਂ ’ਚ ਮੀਟਿੰਗਾਂ ਕਰਕੇ  ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।  ਪਿੰਡਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੁੱਟਰ ਅਗਵਾਈ ਵਿੱਚ ਪਿੰਡ ’ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਯੂਨੀਅਨ ਵੱਲੋਂ ਦਰਜਨਾਂ ਪਿੰਡਾਂ ਵਿੱਚ ਸੈਕੜੇ ਟਰੈਕਟਰ ਨਾਲ ਮਾਰਚ ਕੀਤਾ ਗਿਆ। ਜਿਸ ਵੱਡੀ ਗਿਣਤੀ ’ਚ ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਸ਼ਮੂਲੀਅਤ ਕਰਕੇ ਲੋਕਾਂ ਨੂੰ ਦਿੱਲੀ ਕਿਸਾਨ ਪਰੇਡ ਲਈ ਭਾਰੀ ਉਤਸ਼ਾਹ ਕੀਤਾ ਹੈ। ਪੀਪਲਜ਼ ਆਰਟ ਥੀਏਟਰ ਪਟਿਆਲਾ ਵੱਲੋਂ ਨਿਰਦੇਸ਼ਕ ਸੱਤਪਾਲ ਬੰਗਾਂ ਦੀ ਨਿਰਦੇਸ਼ਨਾ ਹੇਠ  ਨੁੱਕੜ ਨਾਟਕਾਂ ਜ਼ਰੀਏ ਲੋਕਾਂ ਨੂੰ  ਦਿੱਲੀ ਜਾਣ ਲਈ ਪ੍ਰੇਰਿਆ ਜਾ ਰਿਹਾ ਹੈ।  ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਦੱਸਿਆ ਕਿ ਭਾਵੇਂ ਸੂਬੇ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਫਿਰ ਵੀ ਕਿਸਾਨ ਜਥੇਬੰਦੀਆਂ ਨੇ ਦਿੱਲੀ ’ਚ ਐਲਾਨ ਕੀਤਾ ਹੈ ਕਿ ਕਿਸਾਨ ਪਰੇਡ ’ਚ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਾਣ  ਦਾ ਟੀਚਾ ਮਿੱਥਿਆ ਗਿਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All