ਗੁਰਨਾਮ ਸਿੰਘ ਚੌਹਾਨ/ ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 22 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤਹਿਤ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਪਿੰਡ ਪਿੰਡ ਵਿੱਚ ਕਿਸਾਨਾਂ ਵੱਲੋਂ ਤਿਆਰੀ ਚੱਲ ਰਹੀ ਹੈ। ਦਿੱਲੀ ਪਰੇਡ ਨੂੰ ਲੈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਾਤੜਾਂ ਦੀ ਗਿਆਰਾਂ ਏਕੜ ਵਾਲੀ ਮੰਡੀ ਵਿੱਚੋਂ ਸੈਂਕੜੇ ਟਰੈਕਟਰਾਂ ਦਾ ਕਾਫਲਾ ਦਿੱਲੀ ਦੇ ਟਿਕਰੀ ਬਾਰਡਰ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਰਵਾਨਾ ਹੋਇਆ। ਇਸੇ ਦੌਰਾਨ ਪਾਤੜਾਂ, ਘੱਗਾ ਬਲਾਕ ਦੇ ਕਿਸਾਨਾਂ ਨੇ ਭਾਰੀ ਠੰਢ ਦੇ ਬਾਵਜੂਦ ਟਰੈਕਟਰ ਰਿਹਰਸਲ ਵਿੱਚ ਆਪੋ ਆਪਣੇ ਟਰੈਕਟਰਾਂ ਸਮੇਤ ਸ਼ਮੂਲੀਅਤ ਕੀਤੀ। ਮੀਲਾਂ ਲੰਬਾ ਟਰੈਕਟਰਾਂ ਦਾ ਕਾਫਲਾ ਸ਼ੁਤਰਾਣਾ ਹਲਕੇ ਦੇ ਕਰੀਬ ਤਿੰਨ ਦਰਜਨ ਤੋਂ ਵੱਧ ਪਿੰਡਾਂ ਪਾਤੜਾਂ, ਸ਼ੁਤਰਾਣਾ, ਸਾਧਾਰਨਪੁਰ, ਜਲਾਲਪੁਰ, ਬਾਦਸ਼ਾਹਪੁਰ, ਨਨਹੇੜਾ ਆਦਿ ਵਿੱਚੋਂ ਹੁੰਦਾ ਹੋਇਆ, ਪਿੰਡ ਸੋਢੀਵਾਲਾ, ਬੂਟਾਸਿੰਘਵਾਲਾ, ਕਲਵਾਣੂ ਦੇ ਰਸਤੇ ਤੋਂ ਘੱਗਾ ਵਿੱਚ ਸਮਾਪਤ ਹੋਇਆ।
ਟਰੈਕਟਰ ਕਾਫਲੇ ਵਿੱਚ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਤੇ ਬੱਚੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸੀ। ਪਿੰਡਾਂ ਵਿੱਚ ਟਰੈਕਟਰ ਕਾਫਲੇ ਦਾ ਭਰਵਾਂ ਸਵਾਗਤ ਕਰਕੇ ਕਿਸਾਨਾਂ ਦਾ ਉਤਸ਼ਾਹ ਵਧਾਇਆ ਗਿਆ। ਪਿੰਡ ਜਲਾਲਪੁਰ ਦੇ ਨੌਜਵਾਨ ਕਿਸਾਨ ਆਗੂ ਬਲਜਿੰਦਰ ਸਿੰਘ ਯਾਦਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਭਾਵੇਂ ਕਿਸਾਨ ਯੂਨੀਅਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਯੂਥ ਕਿਸਾਨਾਂ ਵੱਲੋਂ ਦਿੱਲੀ ਵਿੱਚ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਇਲਾਕੇ ਦੇ ਪਿੰਡਾਂ ’ਚ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਕਿਸਾਨ, ਮਜ਼ਦੂਰ ਤੇ ਖੇਤੀ ਨਾਲ ਜੁੜੇ ਹਰ ਵਰਗ ਲਈ ਘਾਤਕ ਹਨ ਤੇ ਸਰਮਾਏਦਾਰਾਂ ਦਾ ਪੱਖ ਪੂਰਦੇ ਹਨ।
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਮਾਰਚ ਕਰਨ ਦੀਆਂ ਤਿਆਰੀਆਂ ਵਜੋਂ ਚੀਮਾ ਮੰਡੀ ਇਲਾਕੇ ਦੇ ਪਿੰਡਾਂ ’ਚ ਲੋਕਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਟਰੈਕਟਰ ਮਾਰਚ ਕੀਤਾ ਗਿਆ। ਇਸ ਦੌਰਾਨ ਸੈਂਕੜੇ ਟਰੈਕਟਰਾਂ ’ਤੇ ਸਵਾਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਟਰੈਕਟਰ ਮਾਰਚ ਦੀ ਅਗਵਾਈ ਕਰਦੀਆਂ ਕਿਸਾਨ ਆਗੂ ਰਾਮਸਰਨ ਸਿੰਘ ਉਗਰਾਹਾਂ ਬਲਾਕ ਸਕੱਤਰ ਸੁਨਾਮ, ਗੁਰਭਗਤ ਸਿੰਘ ਸ਼ਾਹਪੁਰ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਪ੍ਰਤੀ ਹਰ ਵਰਗ ਦੇ ਲੋਕਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ, ਉਸੇ ਤਰ੍ਹਾਂ 26 ਜਨਵਰੀ ਨੂੰ ਦਿੱਲੀ ’ਚ ਕੀਤੇ ਜਾ ਰਹੇ ਟਰੈਕਟਰ ਮਾਰਚ ਪ੍ਰਤੀ ਵੀ ਹਰ ਵਰਗ ਦੇ ਲੋਕ ਪੂਰੀ ਤਰ੍ਹਾਂ ਤਿਆਰ ਹਨ ਤੇ ਕੇਂਦਰ ਖ਼ਿਲਾਫ਼ ਲੋਕਾਂ ’ਚ ਬਹੁਤ ਗੁੱਸਾ ਹੈ।
550 ਟਰੈਕਟਰਾਂ ਦਾ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਮਾਰਚ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ) ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਤੇ ਰਹਿਸਲਾਂ ਦਾ ਸਿਲਸਿਲਾ ਜਾਰੀ ਹੈ। ਬਲਾਕ ਅਹਿਮਦਗੜ੍ਹ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਡਾ. ਮੀਤ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਧਲੇਰ ਕਲਾਂ ਦੀ ਅਗਵਾਈ ਹੇਠ ਕੁੱਪ ਕਲਾਂ ਦੇ ਇਲਾਕੇ ਦੇ ਕਰੀਬ ਦੋ ਦਰਜਨ ਤੋਂ ਵੱਧ ਪਿੰਡਾਂ ’ਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਟਰੈਕਟਰ ਮਾਰਚ ’ਚ ਬੱਚਿਆਂ ਬਜ਼ੁਰਗਾਂ ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸੈਕਟਰੀ ਰਸ਼ਪਿੰਦਰ ਸਿੰਘ ਗਾਧੀ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਕਰੀਬ 550 ਟਰੈਕਟਰਾਂ ਨੇ ਭਾਗ ਲਿਆ ਤੇ 9 ਵਜੇ ਸਵੇਰੇ ਧਲੇਰ ਕਲਾ ਦਾਣਾ ਮੰਡੀ ਤੋ ਸੁਰੂ ਹੋ ਧਲੇਰ ਖੁਰਦ, ਕੰਗਣਵਾਲ, ਮਾਣਕਵਾਲ, ਬਾਠਾ, ਬੇਗੋਵਾਲ, ਜਿਤਵਾਲ, ਕੁੱਪ ਕਲਾਂ, ਕੁੱਪ ਖੁਰਦ, ਰੋਹੀੜਾ, ਅਕਬਰਪੁਰ ਛੰਨਾ, ਬੋੜਾਹਾਈ ਖੁਰਦ, ਮੋਮਨਾਬਾਦ, ਨੱਥੂਮਾਜਰਾ, ਉਮਰਪੁਰਾ, ਜੰਡਾਲੀ ਜੰਡਾਲੀ ਖੁਰਦ ਤੋਂ ਹੁੰਦਾ ਹੋਇਆ ਬੋੜਾਹਾਈ ਕਲਾਂ ਵਿੱਚ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਸਮਾਪਤ ਹੋਇਆ।