ਹੜਤਾਲੀ ਸਫਾਈ ਸੇਵਕਾਂ ਨੇ ਪ੍ਰੀਖਿਆ ਸ਼ਾਖਾ ਮੂਹਰੇ ਲਾਏ ਕੂੜੇ ਦੇ ਢੇਰ : The Tribune India

ਹੜਤਾਲੀ ਸਫਾਈ ਸੇਵਕਾਂ ਨੇ ਪ੍ਰੀਖਿਆ ਸ਼ਾਖਾ ਮੂਹਰੇ ਲਾਏ ਕੂੜੇ ਦੇ ਢੇਰ

’ਵਰਸਿਟੀ ਅਧਿਕਾਰੀਆਂ ਵੱਲੋਂ ਠਰ੍ਹੰਮੇ ਦਾ ਮੁਜ਼ਾਹਰਾ

ਹੜਤਾਲੀ ਸਫਾਈ ਸੇਵਕਾਂ ਨੇ ਪ੍ਰੀਖਿਆ ਸ਼ਾਖਾ ਮੂਹਰੇ ਲਾਏ ਕੂੜੇ ਦੇ ਢੇਰ

ਪ੍ਰੀਖਿਆ ਸ਼ਾਖਾ ਮੂਹਰੇ ਹੜਤਾਲ਼ੀ ਮੁਲਾਜ਼ਮਾਂ ਵੱਲੋਂ ਲਾਏ ਗਏ ਕੂੜੇ ਦੇ ਢੇਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 8 ਦਸੰਬਰ

ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਡੇਲੀ ਵੇਜਿਜ਼ ਸਫਾਈ ਸੇਵਕ ਦੋ ਹਫਤਿਆਂ ਤੋਂ ਮੁਕੰਮਲ ਹੜਤਾਲ਼ ’ਤੇ ਹਨ ਜਿਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਅੱਜ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਗੇਟ ਮੂਹਰੇ ਕੂੜੇ ਦੇ ਢੇਰ ਲਗਾ ਦਿੱਤੇ। ਸਫਾਈ ਸੇਵਕਾਂ ਦੀ ਜਥੇਬੰਦੀ ਦੇ ਆਗੂ ਗੁਰਪ੍ਰ੍ਰੀਤ ਸਿੰਘ, ਜਤਿੰਦਰ ਸਮੇਤ ਕੁਝ ਹੋਰਨਾਂ ਦਾ ਕਹਿਣਾ ਸੀ ਕਿ ਉਹ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ।

ਉਪ ਕੁਲਪਤੀ ਪ੍ਰੋ. ਅਰਵਿੰਦ ਨਾਲ ਕੂੜਾ ਚੁੱਕਦੇ ਹੋਏ ਹੋਰ ਅਧਿਕਾਰੀ।

ਉਧਰ, ਇਨ੍ਹਾਂ ਕਾਮਿਆਂ ਵੱਲੋਂ ਕੂੜੇ ਦੇ ਢੇਰ ਲਾਉਣ ਮਗਰੋਂ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਨਾ ਸਿਰਫ਼ ਇਥੋਂ ਕੂੜੇ ਦਾ ਇਹ ਢੇਰ ਚੁੱਕ ਕੇ ਲਾਂਭੇ ਕੀਤਾ, ਬਲਕਿ ਹੋਰਨਾਂ ਥਾਵਾਂ ’ਤੇ ਖਿੱਲਰੇ ਕੂੜਾ ਕਰਕਟ ਦੀ ਸਫਾਈ ਵੀ ਕੀਤੀ। ਇਸ ਵੇਲੇ ਕੁਝ ਸਮੇਂ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਇਨ੍ਹਾਂ ਦੇ ਨਾਲ ਕੂੜਾ ਚੁੱਕਦੇ ਨਜ਼ਰ ਆਏ। ਵਾਈਸ ਚਾਂਸਲਰ ਦਾ ਕਹਿਣਾ ਸੀ ਕਿ ਜੇਕਰ ਸਫ਼ਾਈ ਕਰਮਚਾਰੀਆਂ ਨੂੰ ਹੜਤਾਲ ਕਰਨ ਦਾ ਜਮਹੂਰੀ ਹੱਕ ਹੈ, ਤਾਂ ਬਾਕੀਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਅਦਾਰੇ ਨੂੰ ਸਾਫ਼ ਸੁਥਰਾ ਰੱਖਣ ’ਚ ਯੋਗਦਾਨ ਪਾਉਣ। ਵਾਈਸ ਚਾਂਸਲਰ ਨੂੰ ਕੂੜਾ ਚੁੱਕਦਿਆਂ ਵੇਖ ਅਨੇਕਾਂ ਹੋਰ ਮੁਲਾਜ਼ਮ, ਅਧਿਆਪਕ, ਅਧਿਕਾਰੀ ਅਤੇ ਵਿਦਿਆਰਥੀ ਵੀ ਇਸ ਕੰਮ ’ਚ ਜੁਟ ਗਏ। ਕੰਟਰੋਲਰ (ਪ੍ਰੀਖਿਆਵਾਂ) ਪ੍ਰੋ. ਗੁਰਚਰਨ ਸਿੰਘ ਵੀ ਸਫਾਈ ਮੁਹਿੰਮ ਚਲਾਓਣ ਵਾਲ਼ਿਆਂ ’ਚ ਸ਼ੁਮਾਰ ਰਹੇ ਤੇ ਉਨ੍ਹਾਂ ਦੇ ਸੱਦੇ ’ਤੇ ਹੋਰ ਮੁਲਾਜ਼ਮਾਂ ਨੇ ਵੀ ਸਫਾਈ ਮੁਹਿੰਮ ’ਚ ਹੱਥ ਵਟਾਇਆ। ਇਸ ਦੌਰਾਨ ਰਜਿਸਟਰਾਰ ਪ੍ਰੋ. ਨਵਜੋਤ ਕੌਰ, ਪ੍ਰੋ. ਅਜੀਤਾ, ਪ੍ਰੋ. ਮਮਤਾ ਸ਼ਰਮਾ, ਪ੍ਰੋ. ਗੁਰਮੁਖ ਸਿੰਘ, ਡਾ. ਰੇਗੀਨਾ, ਡਾ. ਅਵਨੀਤਪਾਲ ਤੇ ਡਾ. ਅਰਨੀਤ ਗਿੱਲ ਨੇ ਯੂਨੀਵਰਸਿਟੀ ਪਰਿਸਰ ’ਚ ਕੀਤੀ ਜਾ ਰਹੀ ਸਾਫ਼ ਸਫਾਈ ’ਚ ਯੋਗਦਾਨ ਪਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All