ਸੁਭਾਸ਼ ਚੰਦਰ
ਸਮਾਣਾ, 28 ਅਪਰੈਲ
ਸਮਾਣਾ-ਭਵਾਨੀਗੜ੍ਹ ਸੜਕ ’ਤੇ ਬੁੱਧਵਾਰ ਤੜਕੇ ਦੋ ਕਾਰਾਂ ’ਚ ਸਵਾਰ ਹਥਿਆਰਬੰਦ ਪੰਜ ਲੁਟੇਰਿਆਂ ਨੇ ਸੜਕ ’ਤੇ ਜਾ ਰਹੇ ਸਥਾਨਕ ਧਾਗਾ ਫੈਕਟਰੀ ’ਚ ਕੰਮ ਕਰਦੇ ਦੋ ਪਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਕੋਲੋਂ ਨਕਦੀ, ਮੋਬਾਈਲ ਅਤੇ ਪਰਸ ਖੋਹ ਲਿਆ। ਇਸ ਮਗਰੋਂ ਉਹ ਉਨ੍ਹਾਂ ਨੂੰ ਆਪਣੀ ਗੱਡੀਆਂ ’ਚ ਬਿਠਾ ਲੈ ਗਏ ਪਰ ਕਿਸੇ ਬਸਤੀ ਦੀਆਂ ਤੰਗ ਗਲੀਆਂ ’ਚ ਸਕਾਰਪੀਓ ਅਤੇ ਏਸੈਂਟ ਗੱਡੀਆਂ ਦੇ ਫਸ ਜਾਣ ਕਾਰਨ ਇਕੱਠੇ ਹੋਏ ਲੋਕਾਂ ਨੂੰ ਦੇਖ ਪਰਵਾਸੀ ਮਜ਼ਦੂਰਾਂ ਸਣੇ ਦੋਵੇਂ ਗੱਡੀਆਂ ਨੂੰ ਛੱਡ ਸਾਰੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਸਿਟੀ ਪੁਲੀਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਦੋਵੇਂ ਕਾਰਾਂ ਨੂੰ ਆਪਣੇ ਕਬਜ਼ੇ ਚ ਲੈ ਲਿਆ, ਅਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ- ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਫਰਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕਾਰਾਂ ’ਤੇ ਜਾਅਲੀ ਨੰਬਰ ਲੱਗੇ ਪਾਏ ਗਏ। ਜਾਂਚ ਦੌਰਾਨ ਇਹ ਦੋਵੇਂ ਕਾਰਾਂ ਚੋਰੀਸ਼ੁਦਾ ਨਿਕਲੀਆਂ। ਉਨ੍ਹਾਂ ਅੱਗੇ ਦੱਸਿਆ ਕਿ ਲੁਟੇਰਿਆਂ ਦੀ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਪਛਾਣ ਕੀਤੀ ਜਾ ਰਹੀ ਹੈ। ਪਛਾਣ ਮਗਰੋਂ ਕਾਰਵਾਈ ਕਰਨੀ ਸੌਖੀ ਹੋ ਜਾਵੇਗੀ।