ਪੱਤਰ ਪ੍ਰੇਰਕ
ਪਟਿਆਲਾ, 1 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸਾਬਕਾ ਮੰਤਰੀ ਟਕਸਾਲੀ ਅਕਾਲੀ ਸੁਰਜੀਤ ਸਿੰਘ ਕੋਹਲੀ ਦੇ ਦੋ ਪੁੱਤਰ- ਗੁਰਜੀਤ ਸਿੰਘ ਕੋਹਲੀ ਅਤੇ ਅਜੀਤਪਾਲ ਸਿੰਘ ਕੋਹਲੀ ਵੱਖ-ਵੱਖ ਪਾਰਟੀਆਂ ’ਚ ਸ਼ਾਮਲ ਹਨ। ਗੁਰਜੀਤ ਸਿੰਘ ਕੋਹਲੀ ਦੀ ਕੋਠੀ ’ਤੇ ਭਾਜਪਾ ਦਾ ਝੰਡਾ ਨਜ਼ਰ ਆਉਂਦਾ ਹੈ ਤੇ ਅਜੀਤਪਾਲ ਕੋਹਲੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਪਟਿਆਲਾ ਸ਼ਹਿਰੀ ਵਿੱਚੋਂ ਚੋਣ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਕੋਹਲੀ ਪਰਿਵਾਰ ਆਪਣੇ ਦਾਦੇ ਪੜਦਾਦਿਆਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ ਹੈ।
ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਨਗਰ ਨਿਗਮ ਦੀ ਐੱਮਸੀ ਦੀ ਟਿਕਟ ਮੰਗਦੇ ਸਨ ਪਰ ਕਿਸੇ ਨੇ ਉਨ੍ਹਾਂ ਦਾ ਹੱਥ ਨਹੀਂ ਫੜਿਆ। ਸਾਲ 2014 ਵਿੱਚ ਉਨ੍ਹਾਂ ਨੂੰ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਭਾਜਪਾ ਵਿੱਚ ਸ਼ਾਮਲ ਕਰ ਲਿਆ ਸੀ ਤੇ ਭਰਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਦਹਾਕੇ ਤੋਂ ਗੁਰਜੀਤ ਸਿੰਘ ਭਾਜਪਾ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਆਪਣੀ ਕੋਠੀ ਦੇ ਬਾਹਰ ਝੰਡਾ ਵੀ ਭਾਜਪਾ ਦਾ ਲਗਾਇਆ ਹੋਇਆ ਹੈ, ਪਰ ਉਸ ਨੂੰ ਮਲਾਲ ਜ਼ਰੂਰ ਹੈ ਕਿ ਉਸਦੇ ਦੋ ਪੁੱਤਰ ਹਨ ਪਰ ਦੋਵਾਂ ਦੀਆਂ ਪਾਰਟੀਆਂ ਅਲੱਗ ਅਲੱਗ ਹਨ, ਪਰ ਬਹੁਤ ਸਾਰੇ ਘਰਾਂ ਵਿਚ ਸਿਆਸਤ ਨੇ ਇੰਜ ਕੀਤਾ ਹੈ। ਅਜੀਤਪਾਲ ਸਿੰਘ ਕੋਹਲੀ ਨੇ ਸਿਰਫ਼ ਏਨਾ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਵੇਲੇ ਪਰਿਵਾਰ ਨਾਲੋਂ ਪਟਿਆਲਾ ਵਾਸੀਆਂ ਦੇ ਵਿਕਾਸ ਦਾ ਫ਼ਿਕਰ ਹੈ।