ਪੱਤਰ ਪ੍ਰੇਰਕ
ਪਾਤੜਾਂ, 25 ਫ਼ਰਵਰੀ
ਸ਼ੁਤਰਾਣਾ ਪਿੰਡ ਦੇ ਨੌਜਵਾਨ ਨੇ ਬਾਰਾਤ ਚੜ੍ਹਨ ਤੋਂ ਪਹਿਲਾਂ ਕਰੀਬ ਪੰਜ ਕਿਲੋਮੀਟਰ ਦੂਰ ਜਾ ਕੇ ਗੋਬਿੰਦਪੁਰਾ ਟੌਲ ਪਲਾਜ਼ਾ ’ਤੇ ਹਾਜ਼ਰੀ ਲਵਾ ਕੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਤੋਂ ਅਸ਼ੀਰਵਾਦ ਲਿਆ। ਕਿਸਾਨਾਂ ਨੇ ਲਾੜੇ ਨੂੰ ਆਸ਼ੀਰਵਾਦ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਝੰਡਾ ਭੇਟ ਕਰਕੇ ਲੰਮੀ ਉਮਰ ਦੀ ਕਾਮਨਾ ਕੀਤੀ। ਪਿੰਡ ਸ਼ੁਤਰਾਣਾ ਨੇੜੇ ਡੇਰਾ ਝਾਲ ਵਾਲਾ ਲਾਹੌਰੀਆ ਪਰਿਵਾਰ ਦੇ ਨੌਜਵਾਨ ਨੇ ਆਪਣੀ ਬਰਾਤ ਲੈ ਕੇ ਅਰਨੋ ਸਾਗਰਾ ਮੈਰਿਜ ਪੈਲੇਸ ਪਹੁੰਚਣ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਧਰਨੇ ’ਚ ਹਾਜ਼ਰੀ ਲਗਵਾਈ। ਲਾੜੇ ਨੇ ਜਥੇਬੰਦੀ ਦੇ ਝੰਡੇ ਨੂੰ ਸਤਿਕਾਰ ਦਿੰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸੱਚੀ ਸੁੱਚੀ ਕਿਰਤ ਕਿਸਾਨੀ ਨੂੰ ਤਬਾਹ ਕਰਨ ਦਾ ਬੀੜਾ ਚੁੱਕਿਆ ਹੈ। ਜਸਵਿੰਦਰ ਸਿੰਘ ਬੁੱਟਰ ਦੇ ਪਿਤਾ ਰਿਟਾਇਰ ਸੂਬੇਦਾਰ ਫੌਜੀ ਸ਼ੇਰ ਸਿੰਘ ਬੁੱਟਰ ਬਰਾਤੀਆਂ ਦੀਆਂ ਗੱਡੀਆਂ ’ਤੇ ਕਿਰਸਾਨੀ ਦੇ ਝੰਡੇ ਲਗਾ ਕੇ ਟੌਲ ਪਲਾਜ਼ਾ ਤੋਂ ਮੈਰਿਜ ਪੈਲੇਸ ਲਈ ਰਵਾਨਾ ਹੋਏ।