ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਜੂਨ
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿੱਚ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਦੀ ਪੁਸਤਕ ‘ਬਹਾਵਲਪੁਰੀਆ ਸਮਾਜ ਦਾ ਉਭਾਰ’ ਦੀ ਘੁੰਡ ਚੁਕਾਈ ਦੀ ਰਸਮ ਵਿਭਾਗ ਦੀ ਮੌਜੂਦਾ ਡਾਇਰੈਕਟਰ ਕਰਮਜੀਤ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਲੇਖਕ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪੁਸਤਕ ਸਮਾਜ ਦੇ ਸਮੁੱਚੇ ਰੀਤੀ-ਰਿਵਾਜਾਂ ਅਤੇ ਸਮਾਜਿਕ ਤਾਣੇ-ਬਾਣੇ ਦੀ ਮੂੰਹ ਬੋਲਦੀ ਤਸਵੀਰ ਹੈ। ਡਾ. ਮਦਨ ਲਾਲ ਹਸੀਜਾ ਨੇ ਇਸ ਮੌਕੇ ਵਿਭਾਗ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਉਨ੍ਹਾਂ ਵੱਲੋਂ ਸਾਹਿਤਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ। ਸਹਾਇਕ ਡਾਇਰੈਕਟਰ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਡਾ. ਵੀਰਪਾਲ ਕੌਰ, ਮੈਗਜ਼ੀਨ ‘ਗੁਸਈਆਂ’ ਦੇ ਸੰਪਾਦਕ ਕਲਵੰਤ ਸਿੰਘ ਨਾਰੀਕੇ, ਪ੍ਰਿਤਪਾਲ ਕੌਰ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਹਾਜ਼ਰ ਸਨ।