ਪਟਿਆਲਾ: ਗੁਰੂ ਹਰਿਕ੍ਰਿਸ਼ਨ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਸੰਗਤਾਂ ਨਤਮਸਤਕ ਹੋਈਆਂ। ਮੈਨੇਜਰ ਨੱਥਾ ਸਿੰਘ ਦੀ ਦੇਖਰੇਖ ਹੇਠ ਹੋਏ ਸਮਾਗਮ ਦੌਰਾਨ ਦੀਵਾਨ ਹਾਲ ਵਿੱਚ ਰੱਖੇ ਗਏ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਸਰਵਣ ਰਾਹੀਂ ਨਿਹਾਲ ਕੀਤਾ। ਗੁਰਮਤਿ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਨੇ ਮੁੱਖਵਾਕ ਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਤੇ ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਰਾਜਪੁਰਾ: ਇਸ ਖੇਤਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਰਾਜਪੁਰਾ ਸ਼ਹਿਰੀ ਖੇਤਰ ਦੇ ਗੁਰਦੁਆਰਾ ਜੋਤਿ ਸਰੂਪ ਫੋਕਲ ਪੁਆਇੰਟ, ਗੁਰਦੁਆਰਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਟਾਊਨ, ਗੁਰਦੁਆਰਾ ਸਾਹਿਬ ਗੁਲਾਬ ਨਗਰ, ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ ਸਮੇਤ ਹੋਰਨਾਂ ਸ਼ਹਿਰੀ ਗੁਰਦੁਆਰਿਆਂ ਤੋਂ ਇਲਾਵਾ ਘਨੌਰ ਦੇ ਪਿੰਡ ਮਰਦਾਂਪੁਰ, ਨਥਾਣਾ ਸਾਹਿਬ ਜੰਡ ਮੰਘੌਲੀ, ਪਿੱਪਲ ਮੰਘੌਲੀ, ਹਰਪਾਲਪੁਰ, ਨਰੜੂ, ਨਨਹੇੜੀ, ਲੋਹਸਿੰਬਲੀ, ਜਰੀਕਪੁਰ, ਕਸਬਾ ਘਨੌਰ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਸਮਾਗਮ ਹੋਏ। -ਪੱਤਰ ਪ੍ਰੇਰਕ