ਅਸ਼ਵਨੀ ਗਰਗ
ਸਮਾਣਾ, 23 ਜਨਵਰੀ
ਕਾਂਗਰਸ ਪਾਰਟੀ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦੇ ਸਾਬਕਾ ਰਾਜਨੀਤਕ ਸਲਾਹਕਾਰ ਸੁਰਿੰਦਰ ਸਿੰਘ ਖੇੜਕੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੀਐੱਲਸੀ ਪਾਰਟੀ ਵੱਲੋਂ ਲਾਲ ਸਿੰਘ ਦੇ ਪੁੱਤਰ ਤੇ ਕਾਂਗਰਸ ਉਮੀਦਵਾਰ ਕਾਕਾ ਰਜਿੰਦਰ ਸਿੰਘ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੁਰਿੰਦਰ ਸਿੰਘ ਖੇੜਕੀ ਦਾ ਸਮਾਣਾ ਪੁੱਜਣ ’ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੁਰਿੰਦਰ ਸਿੰਘ ਖੇੜਕੀ ਨੇ ਪੀਐਲਸੀ ਵੱਲੋਂ ਉਨ੍ਹਾਂ ਨੂੰ ਸਮਾਣਾ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦਾ ਧੰਨਵਾਦ ਕੀਤਾ।
ਖੇੜਕੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਜ ਸਾਲਾਂ ਦੌਰਾਨ ਵਾਅਦਿਆਂ ਤੋਂ ਸਿਵਾਏ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਣਾ ਦੇ ਵਿਕਾਸ ਦਾ ਵੱਡਾ ਦਾਅਵਾ ਕਰਨ ਵਾਲੇ ਹਲਕਾ ਵਿਧਾਇਕ ਨੂੰ ਜਮੀਨੀ ਪੱਧਰ ’ਤੇ ਦੇਖਣਾ ਚਾਹੀਦਾ ਹੈ, ਨਾ ਕਿ ਹਵਾ ਵਿੱਚ ਤੀਰ ਮਾਰਨੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਵੱਡੀ ਗਿਣਤੀ ਟਕਸਾਲੀ ਆਗੂ ਜਿਨ੍ਹਾਂ ਵਿੱਚ ਯਸ਼ਪਾਲ ਸਿੰਗਲਾ, ਸਵਰਨ ਮਠਾੜੂ, ਵਿਜੈ ਅਗਰਵਾਲ, ਵਿਜੈ ਸਿੰਗਲਾ ਤੋਂ ਇਲਾਵਾ ਕਈ ਅਜਿਹੇ ਨਾਂ ਹਨ ਜੋ ਬਹੁਤ ਛੇਤੀ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਹਰਮੇਸ਼ ਡਕਾਲਾ, ਸੰਜੀਵ ਗਰਗ, ਰਾਜੇਸ਼ ਕੁਮਾਰ, ਲਲਿਤ ਭੱਲਾ ਤੇ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।