ਖੇਤਰੀ ਪ੍ਰਤੀਨਿਧ
ਪਟਿਆਲਾ, 13 ਦਸੰਬਰ
ਪੰਜਾਬ ਸਰਕਾਰ ਤੋਂ ਡਾ. ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਦੁਬਾਰਾ ਖੁੱਲ੍ਹਵਾਉਣ ਲਈ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਦੀ ਅਗਵਾਈ ਹੇਠਲੇ ਇੱਕ ਵਫਦ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ: ਅਰਵਿੰਦ ਰਾਹੀਂ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਹੈ। ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਦਲਿਤ ਵਿਦਿਆਰਥੀਆਂ ਦੀ ਫੀਸ ਸਰਕਾਰ ਅਦਾ ਕਰਦੀ ਹੈ, ਪਰ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੋਰਟਲ ਪਿਛਲੇ ਦਿਨੀਂ ਬੰਦ ਹੋ ਗਿਆ। ਜਦਕਿ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਇਸ ਸਕੀਮ ਦੇ ਆਨਲਾਈਨ ਪੋਰਟਲ ’ਤੇ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਕਿਉਂਕਿ ਪੰਜਾਬ ਭਰ ਦੇ ਤਹਿਸੀਲਦਾਰ ਕਲਮਛੋੜ ਹੜਤਾਲ ’ਤੇ ਰਹੇ ਹਨ ਜਿਸ ਕਰਕੇ ਇਸ ਸਕੀਮ ਲਈ ਲੋੜੀਂਦੇ ਉਨ੍ਹਾਂ ਦੇ ਆਮਦਨ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਆਦਿ ਜ਼ਰੂਰੀ ਦਸਤਾਵੇਜ਼ ਬਣ ਨਹੀਂ ਰਹੇ। ਇਸ ਕਰਕੇ ਯੂਨੀਅਨ ਨੇ ਇਹ ਪੋਰਟਲ ਕੁਝ ਦਿਨਾਂ ਲਈ ਹੋਰ ਖੋਲ੍ਹਣ ਲਈ ਅੱਜ ਵਾਈਸ ਚਾਂਸਲਰ ਰਾਹੀਂ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਹੈ। ਇਸ ਮੌਕੇ ਵਿਦਿਆਰਥੀ ਬਲਵਿੰਦਰ ਸਿੰਘ ਬੱਗਾ, ਅਮਨਦੀਪ, ਲਛਮੀ, ਮਨਦੀਪ, ਤਮੰਨਾ, ਜਸਵਿੰਦਰ, ਰਾਜ ਕੁਮਾਰ ਆਦਿ ਮੌਜੂਦ ਸਨ।