ਨਿੱਜੀ ਪੱਤਰ ਪੇ੍ਰਕ
ਪਟਿਆਲਾ, 30 ਅਪਰੈਲ
ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਹੋਸਟਲ ਦੇ ਵਿਦਿਆਰਥੀ ਅੱਜ ਕਾਲਜ ਪ੍ਰਬੰਧਕਾਂ ਵੱਲੋਂ ਹੋਸਟਲ ਖਾਲੀ ਕਰਨ ਦੇ ਨਿਰਦੇਸ਼ਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵਿਦਿਅਰਥੀਆਂ ਦਾ ਸ਼ਿਕਵਾ ਸੀ ਕਿ ਜਦੋਂ ਹੋਸਟਲਾਂ ’ਚ ਸੁਰੱਖਿਅਤ ਹਨ ਫਿਰ ਜਬਰੀ ਘਰ ਕਿਉਂ ਤੋਰਿਆ ਜਾ ਰਿਹਾ ਹੈ। ਇਸ ਰੋਸ ਪ੍ਰੋਗਰਾਮ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਕਰਦਿਆਂ ਹੋਸਟਲ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਵਿਦਿਆਰਥੀ ਆਗੂਆਂ ਨੇ ਆਖਿਆ ਕਿ ਕਾਲਜ ਪ੍ਰਸ਼ਾਸਨ ਨੇ 30 ਅਪਰੈਲ ਤੱਕ ਹੋਸਟਲ ਖਾਲੀ ਕਰਨ ਦਾ ਫੁਰਮਾਨ ਜਾਰੀ ਕੀਤਾ ਹੋਇਆ ਸੀ ਤੇ ਅੱਜ ਵਿਦਿਆਰਥੀਆਂ ਨੇ ਅਜਿਹੇ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਜ਼ਬਰੀ ਘਰ ਨਾ ਤੋਰਿਆ ਜਾਵੇ ਕਿਉਂਕਿ ਕਰੋਨਾ ਦੇ ਦੌਰ ’ਚ ਹੋਸਟਲ ਵੱਧ ਸੁਰੱਖਿਅਤ ਹਨ। ਵਿਦਿਆਰਥੀਆਂ ਨੇ ਆਖਿਆ ਕਿ ਅੱਜ ਕਾਲਜ ਦੇ ਇੱਕ ਸਟਾਫ਼ ਮੈਂਬਰ ਨੇ ਉਨ੍ਹਾਂ ਨੂੰ ਹੋਸਟਲ ਛੱਡਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ ਜਿਸ ਨਾਲ ਵਿਦਿਆਰਥੀਆਂ ’ਚ ਰੋਸ ਹੈ। ਵਿਦਿਆਰਥੀਆਂ ਨੇ ਆਖਿਆ ਕਿ ਉਹ ਕਈ ਦਿਨਾਂ ਵਾਂਗ ਅੱਜ ਵੀ ਪ੍ਰਿੰਸੀਪਲ ਤੇ ਹੋਸਟਲ ਵਾਰਡਨ ਸਮੇਤ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਿਲਕੇ ਫਰਿਆਦ ਕਰ ਰਹੇ ਹਨ ਪ੍ਰੰਤੂ ਕਿਸੇ ਅਧਿਕਾਰੀ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਆਖਿਰ ਗੇਟ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਉਹ ਹੋਸਟਲ ਨਹੀਂ ਛੱਡਣਗੇ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਜਸਵਿੰਦਰ ਸਿੰਘ, ਗੁਰਜਿੰਦਰ, ਅਮਨ, ਰਮਨ, ਹਰਭੇਜ ਆਦਿ ਵਿਦਿਆਰਥੀ ਹਾਜ਼ਰ ਸਨ।
ਉਧਰ, ਕਾਲਜ ਪ੍ਰਸ਼ਾਸਨ ਦੀ ਕਿਸੇ ਵੀ ਧਿਰ ਨਾਲ ਮਾਮਲੇ ਦਾ ਪੱਖ ਜਾਣਨ ਲਈ ਸੰਪਰਕ ਸੰਭਵ ਨਹੀਂ ਹੋ ਸਕਿਆ। ਪ੍ਰੰਤੂ ਹੋਸਟਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਰੋਸ ਪ੍ਰਦਰਸ਼ਨ ਮਗਰੋਂ ਦੁਬਾਰਾ ਹੋਸਟਲ ’ਚ ਪਹੁੰਚ ਗਏ ਹਨ।
ਉਧਰ ਕਾਲਜ ਪ੍ਰਸ਼ਾਸਨ ਵੱਲੋਂ ਜਿਥੇ ਪਹਿਲਾਂ ਲੜਕਿਆਂ ਦੀ ਮੈੱਸ ਬੰਦ ਕਰਵਾ ਦਿੱਤੀ ਗਈ ਸੀ ਉਥੇ ਅੱਜ ਲੜਕੀਆਂ ਦੀ ਮੈੱਸ ਵੀ ਬੰਦ ਕਰ ਦਿੱਤੀ ਗਈ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਹੋਸਟਲ ਵਿਦਿਆਰਥੀ ਆਪਣੇ ਇੰਤਜ਼ਾਮਾਂ ਜ਼ਰੀਏ ਰਹਿਣ ਵਸੇਬਾ ਕਰਨਗੇ।