ਪੱਤਰ ਪ੍ਰੇਰਕ
ਪਟਿਆਲਾ, 18 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਅਕਾਲੀ ਨੇਤਾ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਸਾਹਮਣੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨਾ ਵੀ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਿੱਟੂ ਚੱਠਾ ਨੇ ਆਖਿਆ ਕਿ 25 ਰੁਪਏ ਫੁੱਟ ਵਿਕਣ ਵਾਲਾ ਰੇਤਾ ਹੁਣ 55 ਰੁਪਏ ਵਿਚ ਵਿਕ ਰਿਹਾ ਹੈ, ਸੂਬੇ ਵਿੱਚ ਰਜਿਸਟਰੀਆਂ ਬੰਦ ਹਨ ਜਿਸ ਕਾਰਨ ਸੂਬਾ ਵਾਸੀ ਤੇ ਪ੍ਰਾਪਰਟੀ ਡੀਲਰ ਖੱਜਲ ਖੁਆਰ ਹੋ ਰਹੇ ਹਨ, ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲ ਦਾ ਮੁਆਵਜ਼ਾ ਨਹੀਂ ਮਿਲ ਰਿਹਾ, ਮੁਲਾਜ਼ਮ ਹੜਤਾਲ ’ਤੇ ਬੈਠੇ ਹਨ ਤੇ ਸਰਕਾਰ ‘ਕੁੰਭਕਰਨੀ’ ਨੀਂਦ ਸੁੱਤੀ ਪਈ ਹੈ। ਉਨ੍ਹਾਂ ਆਖਿਆ ਕਿ ਅੱਜ ਸਾਰਾ ਪੰਜਾਬ ਇਸ ਗੱਲ ਨੂੰ ਲੈ ਕੇ ਪਛਤਾ ਰਿਹਾ ਹੈ ਕਿ ਉਨ੍ਹਾਂ ਨੇ ‘ਆਪ’ ਸਰਕਾਰ ਤਾਂ ਬਦਲਾਅ ਲਈ ਲਿਆਉਂਦੀ ਸੀ ਪਰ ਇਹ ਬਦਲਿਆਂ ਵਾਲੀ ਸਰਕਾਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕੋਈ ਵੀ ਕੰਮ ਲੋਕ ਹਿੱਤ ਦਾ ਨਹੀਂ ਕੀਤਾ ਸਿਰਫ਼ ਲੋਕ ਵਿਰੋਧੀ ਕੰਮ ਕੀਤੇ ਜਾ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਬੇਚੈਨੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਅਤੇ ਦੂਸਰੇ ਸੂਬਿਆਂ ’ਤੇ ਖਰਚ ਕਰ ਰਹੀ ਹੈ।
ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਅਮਿਤ ਰਾਠੀ ਕੌਮੀ ਬੁਲਾਰਾ, ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ, ਡਾ. ਹਰਵਿੰਦਰ ਬੱਬੂ, ਹਰਿੰਦਰ ਹਰਦਾਸਪੁਰ ਸਰਕਲ ਪ੍ਰਧਾਨ, ਮਾਲਵਿੰਦਰ ਸਿੰਘ ਮਾਲੀ, ਜੱਸੀ ਫੱਗਣਮਾਜਰਾ, ਹਰਿੰਦਰ ਸਿੰਘ ਹਰਦਾਸਪੁਰ, ਬੀਬੀ ਜਸਪਾਲ ਕੌਰ ਬਾਰਨ, ਪਰਮਜੀਤ ਸਿੰਘ ਪੰਮਾ, ਸੁਖਮਿੰਦਰ ਸਿੰਘ ਬੌਬੀ, ਲਖਵੀਰ ਸਿੰਘ ਭੱਟੀ ਆਦਿ ਮੌਜੂਦ ਸਨ।