ਰਵੇਲ ਸਿੰਘ ਭਿੰਡਰ
ਪਟਿਆਲਾ, 18 ਅਕਤੂਬਰ
ਕਰੋਨਾਵਾਇਰਸ ਦੇ ਮੱਦੇਨਜ਼ਰ ਮਾਰਚ ਮਹੀਨੇ ਤੋਂ ਬੰਦ ਪਏ ਸਕੂਲ ਪੰਜਾਬ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਲਈ ਭਲਕੇ 19 ਅਕਤੂਬਰ ਨੂੰ ਖੁੱਲ੍ਹਣ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਬੱਚਿਆਂ ’ਚ ਜਿੱਥੇ ਸਕੂਲ ਖੁੱਲ੍ਹਣ ਦਾ ਵਿਲੱਖਣ ਚਾਅ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਮਾਪਿਆਂ ਤੇ ਅਧਿਆਪਕਾਂ ’ਚ ਵੀ ਇਸ ਪ੍ਰਤੀ ਭਾਰੀ ਉਤਸ਼ਾਹ ਹੈ।
ਸਕੂਲ ਖੁੱਲ੍ਹਣ ਲਈ ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫ਼ਾਈ, ਇਮਾਰਤ ਤੇ ਫਰਨੀਚਰ ਨੂੰ ਵਿਸ਼ਾਣੂ ਰਹਿਤ ਕਰਨ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ ’ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਨੁਸਾਰ ਕੋਵਿਡ-19 ਸਬੰਧੀ ਸਾਵਧਾਨੀਆਂ ਦੇ ਪਾਲਣ ਹਿੱਤ ਜ਼ਿਲ੍ਹੇ ਵਿੱਚ ਪੂਰੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਖੁੱਲ੍ਹਣ ਦੀਆਂ ਤਿਆਰੀਆਂ ਹੋ ਗਈਆਂ ਹਨ।
ਕੌਮੀ ਐਵਾਰਡੀ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਬਹਿਰਜੱਸ ਤੇ ਪ੍ਰਿੰਸੀਪਲ ਭਰਪੂਰ ਸਿੰਘ ਸੇਹਰਾ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ ’ਚ ਆਪਣੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਉਸ ਨਾਲੋਂ ਵਧੀਆ ਉਹ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ, ਇਸ ਕਰ ਕੇ ਸਕੂਲ ਲੱਗਣੇ ਜ਼ਰੂਰੀ ਹਨ ਪਰ ਕੋਵਿਡ-19 ਦੌਰਾਨ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਸਬੰਧੀ ਸਾਵਧਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਉਹ ਹਰ ਸੰਭਵ ਤੇ ਲੋੜੀਂਦੇ ਕਦਮ ਚੁੱਕਣਗੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੇ ਲੈਕਚਰਾਰ ਦਲਜੀਤ ਸਿੰਘ ਗੁਰਾਇਆ ਦਾ ਕਹਿਣਾ ਹੈ ਕਿ ਇਸ ਵੇਲੇ ਤਾਲਾਬੰਦੀ ਲਗਪਗ ਖੁੱਲ੍ਹ ਚੁੱਕੀ ਹੈ ਅਤੇ ਬਹੁਤ ਸਾਰੀਆਂ ਇਕੱਠਾਂ ਵਾਲੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ ਤਾਂ ਸਕੂਲ ਕਿਉਂ ਨਹੀਂ ਖੁੱਲ੍ਹਣੇ ਚਾਹੀਦੇ। ਜਿਸ ਤਰ੍ਹਾਂ ਹੋਰਨਾਂ ਸਰਗਰਮੀਆਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਸਕੂਲਾਂ ’ਚ ਵੀ ਕੋਵਿਡ ਤੋਂ ਬਚਾਅ ਲਈ ਧਿਆਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕੰਡਰੀ ਜਮਾਤਾਂ ਦੇ ਜ਼ਿਆਦਾਤਰ ਵਿਦਿਆਰਥੀ ਵੀ ਘਰਾਂ ’ਚ ਨਹੀਂ ਬੈਠੇ ਹੋਏ ਹਨ। ਉਹ ਆਮ ਵਾਂਗ ਆਪਣੇ ਮਾਪਿਆਂ ਦੇ ਕੰਮਾਂ-ਕਾਰਾਂ ’ਚ ਹੱਥ ਵਟਾ ਰਹੇ ਹਨ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿੱਚ ਤਕਰੀਬਨ 22 ਕਿਲੋਮੀਟਰ ਦੂਰ ਪਿੰਡ ਤਾਣਾ ਤੋਂ ਪੜ੍ਹਨ ਆਉਣ ਵਾਲੀਆਂ ਸਕੀਆਂ ਭੈਣਾਂ ਜਸ਼ਨਪ੍ਰੀਤ ਕੌਰ ਤੇ ਸਿਮਰਨਜੋਤ ਕੌਰ ਦਾ ਕਹਿਣਾ ਹੈ ਕਿ ਉਹ ਸਕੂਲ ਖੁੱਲ੍ਹਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਭਾਵੇਂ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਆਨਲਾਈਨ ਪੜ੍ਹਈ ਜਾਰੀ ਰੱਖੀ ਹੈ ਪਰ ਜੋ ਕੁਝ ਸਕੂਲ ’ਚ ਸਿੱਖਣ ਨੂੰ ਮਿਲਦਾ ਹੈ ਉਹ ਉਸ ਦੀ ਘਾਟ ਬਹੁਤ ਮਹਿਸੂਸ ਕਰ ਰਹੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵੀ ਉਘੜ-ਦੁਗੜੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਕੇ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣਗੀਆਂ।