ਪੱਤਰ ਪ੍ਰੇਰਕ
ਘਨੌਰ, 31 ਮਾਰਚ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਮਜਬੂਰ ਹੋ ਕੇ ਆਪਣੀ ਮੈਡੀਕਲ ਦੀ ਸਿੱਖਿਆ ਵਿਚਕਾਰ ਛੱਡ ਕੇ ਪਿੰਡ ਊਲਾਣਾ ਪਰਤੀ ਵਿਦਿਆਰਥਣ ਜਸਪ੍ਰੀਤ ਕੌਰ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇਥੋਂ ਦੇ ਮੈਡੀਕਲ ਕਾਲਜ ਵਿੱਚ ਐੱਮ.ਬੀ.ਬੀ.ਐੱਸ ਦਾ ਦਾਖਲਾ ਦੇ ਕੇ ਪੜ੍ਹਾਈ ਜਾਰੀ ਰੱਖੀ ਜਾਵੇ। ਪਿੰਡ ਊਲਾਣਾ ਵਾਸੀ ਬਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਜਸਪ੍ਰੀਤ ਕੌਰ ਮੈਡੀਕਲ ਦੀ ਪੜ੍ਹਾਈ ਲਈ ਨਵੰਬਰ 2021 ਨੂੰ ਯੂਕਰੇਨ ਦੇ ਖਾਰਕੀਵ ਗਈ ਸੀ। ਅਜੇ ਉਸ ਦੀ ਐੱਮ.ਬੀ.ਬੀ.ਐੱਸ ਦੇ ਪਹਿਲੇ ਸਮੈਸਟਰ ਦੀ ਪੜ੍ਹਾਈ ਹੀ ਚੱਲ ਰਹੀ ਸੀ ਕਿ ਫਰਵਰੀ ਮਹੀਨੇ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਲੱਗ ਗਈ। ਇਸ ਕਾਰਨ ਉਸ ਦੀ ਬੇਟੀ ਨੂੰ 6 ਮਾਰਚ ਨੂੰ ਘਰ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਉਸ ਦੇ ਪਰਿਵਾਰ ਵੱਲੋਂ ਲੰਘੇ ਸਾਲ ਕਾਫੀ ਖਰਚਾ ਕਰਕੇ ਆਪਣੀ ਲੜਕੀ ਨੂੰ ਪੜ੍ਹਾਈ ਲਈ ਯੂਕਰੇਨ ਭੇਜਿਆ ਸੀ ਅਤੇ ਹੁਣ ਉਹ ਜਸਪ੍ਰੀਤ ਕੌਰ ਦੀ ਪੜ੍ਹਾਈ ਜਾਰੀ ਰੱਖਣ ਲਈ ਖਰਚਾ ਕਰਨ ਤੋਂ ਅਸਮਰਥ ਹਨ। ਬਿੰਦਰਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਐੱਮ.ਬੀ.ਬੀ.ਐੱਸ ਦੀ ਸਿੱਖਿਆ ਮੁਫਤ ਮੁਹੱਈਆ ਕਰਵਾਈ ਜਾਵੇ।