ਪਟਿਆਲਾ, 17 ਦਸੰਬਰ
ਇਸਤਰੀ ਜਾਗ੍ਰਿਤੀ ਮੰਚ ਪਟਿਆਲਾ ਵੱਲੋਂ ਮੋਦੀ ਸਰਕਾਰ ਦੇ ਸੀਏਏ ਅਤੇ ਐਨਆਰਸੀ ਵਿਰੁੱਧ ਸ਼ਾਹੀਨ ਬਾਗ਼ ਦਿੱਲੀ ਵਿਚ ਲੰਬਾ ਮੋਰਚਾ ਲਾ ਕੇ ਲੜਨ ਵਾਲੀਆਂ ਔਰਤਾਂ ਨੂੰ ਨਹਿਰੂ ਪਾਰਕ ਇਕੱਠੇ ਹੋ ਕੇ ਯਾਦ ਕੀਤਾ ਗਿਆ। ਇਸ ਮੌਕੇ ਮੰਚ ਦੇ ਆਗੂ ਅਮਨਦੀਪ ਅਤੇ ਸਪਨਾ ਨੇ ਕਿਹਾ ਕਿ ਇਸ ਅੰਦੋਲਨ ਨੇ ਵੀ ਕੌਮਾਂਤਰੀ ਪੱਧਰ ’ਤੇ ਧਿਆਨ ਖਿੱਚਿਆ ਸੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜਿੱਥੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਹਨ, ਉੱਥੇ ਹੀ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੋਧੀ ਵੀ ਹਨ।
ਉਨ੍ਹਾਂ ਹੋਰ ਕਿਹਾ ਕਿ ਮੋਦੀ ਸਰਕਾਰ ਨੇ ਆਰਐੱਸਐੱਸ, ਹੋਰ ਹਿੰਦੂਤਵੀ ਜਥੇਬੰਦੀਆਂ ਨੇ ਭਾਵੇਂ ਕਰੋਨਾ ਦੀ ਓਟ ਹੇਠ ਸ਼ਾਹੀਨ ਬਾਗ਼ ਦਾ ਮੋਰਚਾ ਚੁਕਵਾ ਦਿੱਤਾ ਸੀ, ਪਰ ਇਨ੍ਹਾਂ ਕਾਨੂੰਨਾਂ ਵਿਰੁੱਧ ਲੋਕਾਂ ਦੇ ਮਨਾਂ ਅੰਦਰ ਅਜੇ ਵੀ ਤਿੱਖਾ ਗੁੱਸਾ ਹੈ, ਜੋ ਜਥੇਬੰਦਕ ਵਿਰੋਧ ਦੇ ਰੂਪ ਵਿਚ ਕਿਸੇ ਵੇਲੇ ਵੀ ਸਾਹਮਣੇ ਆ ਸਕਦਾ ਹੈ। ਇਸ ਵਿਰੋਧ ਨੂੰ ਨਜਿੱਠਣ ਲਈ ਸਰਕਾਰ ਨੇ ਬੇਕਸੂਰ ਨੌਜਵਾਨਾਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ।
ਇਸੇ ਦੌਰਾਨ ਮੰਚ ਦੀਆਂ ਆਗੂਆਂ ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਵੱਲੋਂ ਬਲਾਤਕਾਰ ਦੇ ਸਬੰਧ ਵਿੱਚ ਗ਼ੈਰ-ਸੰਵੇਦਨਸ਼ੀਲ ਅਤੇ ਭੱਦੀ ਟਿੱਪਣੀ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਇਸ ਵਿਧਾਇਕ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਸਕੱਤਰ ਸੁਖਜਿੰਦਰ ਕੌਰ ਅਤੇ ਪ੍ਰਸਿੱਧ ਲੇਖਕਾ ਡਾ. ਅਰਵਿੰਦਰ ਕੌਰ ਕਾਕੜਾ ਵੀ ਮੌਜੂਦ ਸਨ।