ਰਵੇਲ ਸਿੰਘ ਭਿੰਡਰ
ਪਟਿਆਲਾ, 27 ਜੁਲਾਈ
ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ‘ਬਾਦਲ’ ਦੀ ਟਿਕਟ ਪ੍ਰਾਪਤੀ ਦੀ ਜ਼ੋਰ ਅਜ਼ਮਾਈ ’ਚ ਕਈ ਨਵੇਂ ਚਿਹਰੇ ਵੀ ਮੈਦਾਨ ਮੱਲਣ ਲੱਗੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਛੋਟੇ ਭਰਾ ਚਰਨਜੀਤ ਸਿੰਘ ਰੱਖੜਾ ਦੀ ਵੀ ਇਸ ਹਲਕੇ ’ਤੇ ਅੱਖ ਹੈ।
ਇਸ ਹਲਕੇ ਦੀ ਟਿਕਟ ਲਈ ਅੱਧੀ ਦਰਜਨ ਸਾਬਕਾ ਅਕਾਲੀ ਕੌਂਸਲਰ ਵੀ ਸ਼ਾਮਲ ਦੱਸੇ ਜਾਂਦੇ ਹਨ। ਸਾਬਕਾ ਅਕਾਲੀ ਕੌਂਸਲਰਾਂ ਦੀ ਇੱਕ ਲਾਬੀ ਵੱਲੋਂ ਖੁੱਲ੍ਹ ਕੇ ਇਸ ਹਲਕੇ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੇ ਵਿਰੋਧ ’ਚ ਬੈਠਕਾਂ ਦਾ ਸਿਲਸਿਲਾ ਤੋਰਿਆ ਹੋਇਆ ਹੈ। ਐਡਵੋਕੇਟ ਖੱਟੜਾ ਜਿਹੜੇ ਕਿ ਸਾਬਕਾ ਆਈ.ਜੀ. ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਸਿੱਟ ਮੁਖੀ ਰਹੇ ਰਣਬੀਰ ਸਿੰਘ ਖੱਟੜਾ ਦੇ ਸਪੁੱਤਰ ਹਨ, ਵੱਲੋਂ ਪਿਛਲੀ ਵਾਰ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਸੀ ਤੇ ਭਾਵੇਂ ਐਤਕੀਂ ਵੀ ਉਹ ਮੁੜ ਟਿਕਟ ਦੀ ਦੌੜ ’ਚ ਸ਼ਾਮਲ ਹਨ।
ਭਾਵੇਂ ਐਡਵੋਕੇਟ ਖੱਟੜਾ ਨੇ ਦਾਅਵਾ ਕੀਤਾ ਹੈ ਕਿ ਉਹ ਹਲਕੇ ਤੋਂ ਮੁੜ ਪਾਰਟੀ ਦਾ ਉਮੀਦਵਾਰ ਹੋਵੇਗਾ ਤੇ ਅਜਿਹੀ ਉਮੀਦ ’ਚ ਇਸ ਆਗੂ ਵੱਲੋਂ ਹਲਕੇ ’ਚ ਸਿਆਸੀ ਸਰਗਰਮੀਆਂ ਨੂੰ ਵੀ ਪੜਾਅਵਾਰ ਵਧਾਇਆ ਜਾ ਰਿਹਾ ਹੈ। ਪ੍ਰੰਤੂ ਦੂਜੇ ਬੰਨੇ ਸਿਆਸੀ ਸੂਤਰਾਂ ਨੇ ਇਸ ਰਾਜਸੀ ਖੇਡ ਦਾ ਇੱਕ ਗੁੱਝਾ ਭੇਦ ਖੋਲਦਿਆਂ ਦੱਸਿਆ ਹੈ ਕਿ ਸਾਬਕਾ ਅਕਾਲੀ ਕੌਂਸਲਰਾਂ ਨੂੰ ਟਿਕਟ ਦੇ ਦਾਅਵੇਦਾਰਾਂ ਵਜੋਂ ਪੇਸ਼ ਕਰਨ ਪਿੱਛੇ ਰੱਖੜਾ ਪਰਿਵਾਰ ਦਾ ਹੀ ਕਥਿਤ ਹੱਥ ਹੈ ਤਾਂ ਕਿ ਹਲਕੇ ’ਚ ਟਿਕਟ ਦਾ ਵਿਵਾਦ ਰੌਲੇ-ਘਚੋਲੇ ’ਚ ਪੈਣ ਮਗਰੋਂ ਟਿਕਟ ਨੂੰ ਅੰਦਰੂਨੀ ਇਰਾਦੇ ਤਹਿਤ ਸੇਧਿਤ ਕੀਤਾ ਜਾ ਸਕੇ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਸਾਬਕਾ ਮੰਤਰੀ ਰੱਖੜਾ ਵੱਲੋਂ ਸਮਾਣਾ ਹਲਕੇ ਤੋਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਪ੍ਰੰਤੂ ਪਟਿਆਲਾ ਦਿਹਾਤੀ ਲਈ ਉਹ ਆਪਣੇ ਛੋਟੇ ਭਰਾ ਚਰਨਜੀਤ ਸਿੰਘ ਰੱਖੜਾ ਨੂੰ ਐਡਜਸਟ ਕਰਨ ਦੀ ਤਾਕ ’ਚ ਹਨ। ਦੱਸਿਆ ਜਾਂਦਾ ਹੈ ਕਿ ਚਰਨਜੀਤ ਸਿੰਘ ਰੱਖੜਾ ਵੱਲੋਂ ਪਿਛਲੇ ਦਿਨੀਂ ਇਸ ਕੁਝ ਸਥਾਨਕ ਅਕਾਲੀ ਆਗੂਆਂ ਨਾਲ ਬੈਠਕ ਕਰਕੇ ਮਾਹੌਲ ਨੂੰ ਵਾਚਣ ਦੀ ਵੀ ਕੋਸ਼ਿਸ਼ ਕੀਤੀ ਹੈ। ਇੱਕ ਅਕਾਲੀ ਆਗੂ ਨੇ ਆਪਣਾ ਨਾਮ ਨਾਂ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਰੱਖੜਾ ਪਰਿਵਾਰ ਪਟਿਆਲਾ ਦਿਹਾਤੀ ਤੋਂ ਪਰ ਤੋਲ ਰਿਹਾ ਹੈ ਤੇ ਅਜਿਹੇ ਮਾਮਲੇ ਸਬੰਧੀ ਉਸ ਤੋਂ ਚਰਨਜੀਤ ਸਿੰਘ ਰੱਖੜਾ ਵੱਲੋਂ ਬਕਾਇਦਾ ਸਲਾਹ ਵੀ ਲਈ ਗਈ ਹੈ। ਭਾਵੇਂ ਚਰਨਜੀਤ ਰੱਖੜਾ ਨੇ ਟਿਕਟ ਦੀ ਦੌੜ ਤੋਂ ਇਨਕਾਰ ਕੀਤਾ ਹੈ, ਪ੍ਰੰਤੂ ਸੂਤਰ ਦੱਸਦੇ ਹਨ ਕਿ ਜੇਕਰ ਪ੍ਰੋ. ਚੰਦੂਮਾਜਰਾ ਦੇ ਪਰਿਵਾਰ ਨੂੰ ਪਟਿਆਲਾ ਜ਼ਿਲੇ ’ਚੋਂ ਦੋ ਟਿਕਟਾਂ ਮਿਲੀਆਂ ਤਾਂ ਰੱਖੜਾ ਪਰਿਵਾਰ ਵੀ ਦੂਜੀ ਟਿਕਟ ਦੀ ਜ਼ੋਰ ਅਜ਼ਮਾਈ ਤੋਂ ਪਿੱਛੇ ਨਹੀਂ ਹਟੇਗਾ।