ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਇੱਥੇ ਅੱਜ ਸ਼ਾਮ ਸਮੇਂ ਪਏ ਮੀਂਹ ਅਤੇ ਗੜੇ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲੀਆਂ। ਇਸ ਦੌਰਾਨ ਮੌਸਮ ਠੰਢਾ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਅੱਜ ਦਿਨ ਵਿਚ ਕਾਫ਼ੀ ਗਰਮੀ ਰਹੀ। ਮੀਂਹ ਪੈਣ ਮਗਰੋਂ ਤਾਪਮਾਨ ਘੱਟ ਕੇ 36.1 ਡਿਗਰੀ ’ਤੇ ਆ ਗਿਆ। ਭਾਵੇਂ ਕਿ ਕੁਝ ਦਿਨ ਪਹਿਲਾਂ ਵੀ ਇੱਕ-ਇੱਕ ਦਿਨ ਛੱਡ ਕੇ ਮੀਂਹ ਪੈਂਦਾ ਰਿਹਾ ਹੈ ਪਰ ਉਸ ਦੌਰਾਨ ਹਨੇਰੀ ਅਤੇ ਝੱਖੜ ਚੱਲਣ ਕਾਰਨ ਜ਼ਿਲ੍ਹੇ ’ਚ ਨਾ ਸਿਰਫ਼ ਦੋ ਮਨੁੱਖੀ ਜਾਨਾਂ ਜਾਂਦੀਆਂ ਰਹੀਆਂ ਸਨ ਬਲਕਿ ਕਰੋੜਾਂ ਰੁਪਏ ਦੀ ਸਰਕਾਰੀ ਤੇ ਗੈਰ- ਸਰਕਾਰੀ ਸੰਪਤੀ ਦਾ ਨੁਕਸਾਨ ਵੀ ਹੋਇਆ ਸੀ।
ਅੱਜ ਦੇ ਮੀਂਹ ਦੌਰਾਨ ਭਾਵੇੇਂ ਕਿ ਤੇਜ਼ ਹਵਾਵਾਂ ਤਾਂ ਚੱਲੀਆਂ, ਪਰ ਉਸ ਤਰ੍ਹਾਂ ਨੁਕਸਾਨਦਾਇਕ ਨਹੀਂ ਸੀ, ਇਸ ਕਰ ਕੇ ਅੱਜ ਦੇ ਮੀਂਹ ਦਾ ਲੋਕਾਂ ਨੇ ਪੂਰਾ ਲੁਤਫ ਲਿਆ। ਕੁਝ ਥਾਈਂ ਤਾਂ ਲੋਕ, ਖ਼ਾਸ ਕਰ ਕੇ ਬੱਚੇ ਤੇ ਜਵਾਨ ਇਸ ਮੀਂਹ ਵਿਚ ਨਹਾਉਂਦੇ ਵੀ ਦੇਖੇ ਗਏ। ਉੱਧਰ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਇਹ ਮੀਂਹ ਫ਼ਸਲਾਂ ਅਤੇ ਸਬਜ਼ੀਆਂ ਲਈ ਲਾਹੇਵੰਦ ਹੈ ਪਰ ਸਿਹਤ ਵਿਭਾਗ ਮੁਤਾਬਕ ਇਨ੍ਹਾਂ ਦਿਨੀਂ ਪੈਣ ਵਾਲੇ ਮੀਂਹਾਂ ਪ੍ਰਤੀ ਅਣਗਹਿਲੀ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਵੀ ਸਿੱਧ ਹੋ ਸਕਦੀ ਹੈ ਕਿਉਂਕਿ ਮੀਂਹਾਂ ਦੌਰਾਨ ਖੜ੍ਹਨ ਵਾਲੇ ਪਾਣੀ ਤੋਂ ਪੈਦਾ ਹੋਣ ਵਾਲ਼ਾ ਡੇਂਗੂ ਦਾ ਲਾਰਵਾ ਡੇਂਗੂ ਬੁਖਾਰ ਦਾ ਕਾਰਨ ਬਣਦਾ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਲੇ-ਦੁਆਲ਼ੇ ਦੀ ਨਾ ਸਿਰਫ਼ ਸਾਫ਼-ਸਫਾਈ ਰੱਖਣ, ਬਲਕਿ ਮੀਂਹ ਦਾ ਪਾਣੀ ਵੀ ਨਾ ਖੜ੍ਹਨ ਹੋਣ ਦੇਣ। ਖਾਸ ਕਰਕੇ ਘਰਾਂ ਦੇ ਵਿਹੜਿਆਂ ਜਾਂ ਨੇੜੇ ਤੇੜੇ ਡੂੰਘੀਆਂ ਥਾਵਾਂ ਸਮੇਤ ਘਰ ਦੇ ਬਾਹਰ ਜਾਂ ਛੱਤਾਂ ਆਦਿ ’ਤੇ ਪਏ ਟੁੱਟੇ ਹੋਏ ਭਾਂਡਿਆਂ, ਵਾਹਨਾਂ ਦੇ ਟਾਇਰਾਂ ਅਤੇ ਘਰ ਵਿਚ ਵੜੇ ਮੀਂਹ ਦੇ ਪਾਣੀ ਨੂੰ ਬਾਹਰ ਨਿਕਲਣ ਦਾ ਰਸਤਾ ਨਾ ਹੋਣ ਕਾਰਨ ਇਹ ਪਾਣੀ ਉੱਥੇ ਹੀ ਸੁੱਕਦਾ ਹੈ। ਇਸ ’ਚ ਡੇਂਗੂ ਲਾਰਵਾ ਪੈਦਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੇਂਗੂ ਦਾ ਲਾਰਵਾ ਗੰਦੇ ਪਾਣੀ ’ਤੇ ਨਹੀਂ, ਬਲਕਿ ਸਾਫ਼ ਤੇ ਤਾਜ਼ੇ ਖੜ੍ਹੇ ਪਾਣੀ ’ਚ ਹੀ ਪੈਦਾ ਹੁੰਦਾ ਹੈ ਜਿਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉੱਧਰ, ਜ਼ਿਲ੍ਹਾ ਨੋਡਲ ਅਫਸਰ ਡਾ. ਸੁਮਿਤ ਸਿੰਘ ਦਾ ਕਹਿਣਾ ਸੀ ਕਿ ਅੱਜ ਜ਼ਿਲ੍ਹੇ ਭਰ ’ਚ ਡੇਂਗੂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਡੇਢ ਦਰਜਨ ਘਰਾਂ ਵਿੱਚੋਂ ਡੇਂਗੂ ਲਾਰਵਾ ਮਿਲਿਆ ਹੈ ਜਿਸ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਡਾ. ਸੁਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਹਫਤੇ ਮਗਰੋਂ ਆਪਣੇ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰ ਜ਼ਰੂਰ ਸਾਫ਼ ਕਰਨ ਕਿਉਂਕਿ ਇਨ੍ਹਾਂ ਥਾਵਾਂ ’ਤੇ ਰੁਕਦੇ ਪਾਣੀ ’ਚ ਵੀ ਡੇਂਗੂ ਦਾ ਲਾਰਵਾ ਜਲਦੀ ਪਣਪਦਾ ਹੈ।