ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੁਲਾਈ
ਕਰੋਨਾ ਦੇ ਵਧਦੇ ਕਹਿਰ ਦੇ ਚੱਲਦਿਆਂ ਪਟਿਆਲਾ ਵਿਚ ਵੀ ਪਲਾਜ਼ਮਾ ਥੈਰੇਪੀ ਬੈਂਕ ਸਥਾਪਤ ਕੀਤਾ ਗਿਆ ਹੈ। ਇਸ ਦੌਰਾਨ ਕਰੋਨਾ ਤੋਂ ਪੀੜਤ ਰਹਿਣ ਮਗਰੋਂ ਠੀਕ ਹੋ ਚੁੱਕੇ ਮਰੀਜ਼ਾਂ ਦਾ ਪਲਾਜ਼ਮਾ ਲੈ ਕੇ ਸਟੋਰ ਕੀਤਾ ਜਾਵੇਗਾ। ਇਸ ਦੀ ਵਰਤੋਂ ਕਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਠੀਕ ਕਰਨ ਲਈ ਕੀਤੀ ਜਾਵੇਗੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਲਾਜ਼ਮਾ ਥੈਰੇਪੀ ਬੈਂਕ ਦਾ ਉਦਘਾਟਨ 21 ਜੁਲਾਈ ਨੂੰ ਕੀਤਾ ਜਾਵੇਗਾ। ਇਸ ਦੌਰਾਨ ਕਰੋਨਾ ਨੂੰ ਮਾਤ ਦੇ ਚੁੱਕੇ ਵਿਅਕਤੀਆਂ ਵਿਚੋਂ 15 ਵਿਅਕਤੀ ਪਲਾਜ਼ਮਾਂ ਦਾਨ ਕਰਨਗੇ। ਸਿਵਲ ਸਰਜਨ ਨੇ ਕਰੋਨਾ ਨੂੰ ਹਰਾਉਣ ਵਾਲ਼ੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰਨਾਂ ਕਰੋਨਾ ਪੀੜਤਾਂ ਵਾਸਤੇ ਆਪਣਾ ਪਲਾਜ਼ਮਾਂ ਦਾਨ ਕਰਨ ਲਈ ਅੱਗੇ ਆਉਣ।
ਠੀਕ ਹੋਏ ਮਰੀਜ਼ਾਂ ਨੂੰ ਵੀ ਪਲਾਜ਼ਮਾ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਕਰੋਨਾ ਵਾਇਰਸ ਸਬੰਧੀ ਐਤਵਾਰ ਨੂੰ 80 ਸੱਜਰੇ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ਼ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 981 ਹੋ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ 15 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 394 ਮਰੀਜ਼ ਠੀਕ ਹੋ ਚੱਕੇ ਹਨ। ਠੀਕ ਹੋਏ ਇਨ੍ਹਾਂ ਮਰੀਜ਼ਾਂ ਤੱਕ ਹੀ ਸਿਹਤ ਵਿਭਾਗ ਪਹੁੰਚ ਬਣਾ ਰਿਹਾ ਹੈ।
ਪਟਿਆਲਾ ’ਚ 51 ਹੋਰ ਪਾਜ਼ੇਟਿਵ ਮਰੀਜ਼ ਆਏ
ਜ਼ਿਲ੍ਹੇ ’ਚ ਐਤਵਾਰ ਨੂੰ ਪਾਜ਼ੇਟਿਵ ਆਏ ਮਰੀਜ਼ਾਂ ਵਿੱਚੋਂ 51 ਪਟਿਆਲਾ ਸ਼ਹਿਰ ਦੇ ਹਨ। ਇਨ੍ਹਾਂ ਵਿੱਚੋਂ ਬੋਤਲਾਂ ਵਾਲੀ ਗਲ਼ੀ ਤੋਂ 6, ਘੁੰਮਣ ਨਗਰ ਤੋਂ 4, ਯਾਦਵਿੰਦਰਾ ਐਨਕਲੇਵ ਤੋਂ ਤਿੰਨ, ਮਿਲਟਰੀ ਕੈਂਟ, ਖ਼ਾਲਸਾ ਮੁਹੱਲਾ, ਐੱਸਐੱਸਟੀ ਨਗਰ, ਰਤਨ ਨਗਰ, ਤ੍ਰਿਪੜੀ, ਬਿਸ਼ਨ ਨਗਰ, ਕੇਸਰ ਬਾਗ਼ ਤੋਂ ਦੋ-ਦੋ, ਅਰਬਨ ਅਸਟੇਟ, ਬਾਜ਼ੀਗਰ ਬਸਤੀ, ਨਿੰਮ੍ਹ ਵਾਲ਼ੀ ਗਲ਼ੀ, ਦਾਰੂ ਕੁਟੀਆ, ਬੱਸ ਸਟੈਂਡ, 22 ਨੰਬਰ ਫਾਟਕ, ਸਿਓਣਾ ਰੋਡ, ਮੋਤੀ ਬਾਗ਼, ਮਜੀਠੀਆ ਐਨਕਲੇਵ, ਨੇੜੇ ਵੱਡੀ ਬਾਰਾਦਰੀ, ਲਹਿਲ ਕਲੋਨੀ, ਦੀਪ ਨਗਰ, ਦਸਮੇਸ਼ ਨਗਰ, ਵਿਜੇੇ ਨਗਰ, ਬਾਬਾ ਬਾਲਕ ਕੁੰਜ, ਢਿੱਲੋਂ ਕਲੋਨੀ, ਜੌੜੀਆਂ ਭੱਠੀਆਂ, ਅਜੀਤ ਨਗਰ, ਧਾਲੀਵਾਲ ਕਲੋਨੀ, ਆਜ਼ਾਦ ਨਗਰ, ਪ੍ਰੀਤ ਕਲੋਨੀ, ਅਨੰਦ ਨਗਰ ਐਕਸਟੈਂਸ਼ਨ, ਕ੍ਰਿਸ਼ਨਾ ਕਲੋਨੀ ਤੋਂ ਇੱਕ-ਇੱਕ ਪਾਜੇਟਿਵ ਕੇਸ ਆਇਆ ਹੈ।